ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੋਹਰ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ ਗਏ। ਇਸ ਦੌਰਾਨ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਸੀ.ਐਮ ਮਾਨ ਦੇ ਨਾਲ ਬੱਲੂਆਣਾ, ਮੁਕਤਸਰ ਸਾਹਿਬ, ਫਾਜ਼ਿਲਕਾ, ਲੰਬੀ, ਫ਼ਿਰੋਜ਼ਪੁਰਾ ਦੇਹਟੀ, ਗੁਰੂਹਰਸਹਾਏ ਅਤੇ ਜ਼ੀਰਾ ਦੇ ਵਿਧਾਇਕਾਂ ਸਮੇਤ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।
ਇਸ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਰਕਾਰ ਨੇ ਅੱਜ ਕੁੱਲ 40 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਵੀ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਬੇ-ਮੌਸਮੇ ਮੀਂਹ ਅਤੇ ਤੂਫ਼ਾਨ ਕਾਰਨ ਡਿੱਗੇ ਮਕਾਨਾਂ ਦੇ ਲਈ ਸਰਕਾਰ ਨੇ 1 ਲੱਖ 20 ਹਜ਼ਾਰ ਰੁਪਏ ਲੋਕਾਂ ਨੂੰ ਘਰ ਪਾਉਣ ਲਈ ਦਿੱਤੇ ਹਨ। ਮਾਨ ਨੇ ਦੱਸਿਆ ਕਿ ਸਰਕਾਰ ਨੇ ਕਾਰਬੋਰੇਟ ਬੈਂਕਾਂ ਦੀ ਲੀਮੀਟ ਵੀ ਵਧਾ ਦਿੱਤੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ।
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ FCI ਦਾ ਪੰਜਾਬ ਬਿਨਾਂ ਨਹੀਂ ਸਰਨਾ ਅਤੇ ਅਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਕਣਕ ਦੇ ਕੱਟ ਦਾ ਵਿਰੋਧ ਕਰਦੇ ਹਨ ਪਰ ਅਸੀਂ ਕੇਂਦਰ ਦੀਆਂ ਮਿੰਨਤਾਂ ਨਹੀਂ ਕਰਦੇ। ਮਾਨ ਨੇ ਕਿਹਾ ਕਿ ਅਸੀਂ ਇਸ ਵਾਰ ਤਾਂ ਪੈਸੇ ਦੇ ਦੇਵਾਂਗੇ ਪਰ ਜਦੋਂ ਸਾਡੀ ਵਾਰੀ ਆਈ ਫਿਰ ਅਸੀਂ ਹਿਸਾਬ ਲਵਾਂਗੇ ਕਿਉਂਕਿ ਜਦੋਂ ਕੇਂਦਰ ਨੇ ਸਾਨੂੰ ਫੋਨ ਕਰਕੇ ਸਾਡੇ ਕੋਲੋਂ ਸਰ੍ਹੋਂ, ਚੌਲਾਂ ਜਾਂ ਮੱਕੀ ਦੀ ਮੰਗ ਕੀਤੀ ਅਸੀਂ ਉਦੋਂ ਸਾਰਾ ਹਿਸਾਬ-ਕਿਤਾਬ ਕਰਾਂਗੇ।