ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਐਲਾਨਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਵਿਖਾਈ ਦੇ ਰਹੇ ਹਨ। ਤੁਹਾਨੂੰ ਦਸ ਦਈਏ ਕਿ ਇਸ ਵਾਰ ਸਰਕਾਰੀ ਸਕੂਲਾਂ ਦਾ ਨਤੀਜਾ 100 ਫ਼ੀਸਦੀ ਲਿਆਉਣ ਦੀ ਕਮਾਨ ਉਨ੍ਹਾਂ ਨੇ ਆਪਣੇ ਹੱਥਾਂ ’ਚ ਸੰਭਾਲ ਲਈ ਹੈ। ਇਸੇ ਲੜੀ ਤਹਿਤ ਬੋਰਡ ਪ੍ਰੀਖਿਆਵਾਂ ਦਾ ਐਲਾਨ ਹੋਣ ਤੋਂ ਅਗਲੇ ਦਿਨ ਮਤਲਬ ਕਿ ਅੱਜ ਹਰਜੋਤ ਬੈਂਸ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮਿਸ਼ਨ 100 ਫ਼ੀਸਦੀ ‘ਗਿਵ ਯੂਅਰ ਬੈਸਟ’ ਮੁਹਿੰਮ ਦਾ ਆਗਾਜ਼ ਵੀ ਕਰਨ ਜਾ ਰਹੇ ਹਨ। ਸਕੂਲ ਪ੍ਰਿੰਸੀਪਲਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਰਹੇ ਕ੍ਰਿਸ਼ਨ ਕੁਮਾਰ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਅਜਿਹੇ ਪ੍ਰੋਗਰਾਮ ਕਰਨ ਦੇ ਨਾਲ ਸਕੂਲਾਂ ’ਚ ਜਾ ਕੇ ਅਧਿਆਪਕਾਂ ਨੂੰ ਮੋਟੀਵੇਟ ਵੀ ਕਰਦੇ ਰਹੇ ਹਨ, ਜਿਸ ਦੇ ਨਤੀਜੇ ਵਜੋਂ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਤੀਜੇ ਨਿੱਜੀ ਸਕੂਲਾਂ ਦੇ ਮੁਕਾਬਲੇ ਕਿਤੇ ਬਿਹਤਰ ਵੀ ਰਹੇ ਹਨ।
ਜਾਣਕਾਰਾਂ ਦਾ ਮੰਨਣਾ ਹੈ ਕਿ ਸਿੱਖਿਆ ਵਿਭਾਗ ਦੇ ਇਤਿਹਾਸ ’ਚ ਅਜਿਹਾ ਸ਼ਾਇਦ ਪਹਿਲੀ ਵਾਰ ਹੀ ਹੋਵੇਗਾ ਕਿ ਕੋਈ ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਦਾ ਨਤੀਜਾ 100 ਫ਼ੀਸਦੀ ਲਿਆਉਣ ਲਈ ਖ਼ੁਦ ਇਸ ਦੀਆਂ ਗਾਈਡਲਾਈਨਜ਼ ਤਿਆਰ ਕਰ ਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਮਝਾਵੇਗਾ। ਮੰਨਿਆ ਜਾ ਰਿਹਾ ਹੈ ਕਿ ਬੈਂਸ ਸ਼ਨੀਵਾਰ ਨੂੰ ਹੋਣ ਵਾਲੇ ਪ੍ਰੋਗਰਾਮ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਹਿਮ ਟਿਪਸ ਦੇਣਗੇ, ਜਿਸ ਨਾਲ ਖ਼ਾਸ ਕਰ ਕੇ ਬੱਚਿਆਂ ਦੇ ਮਨ ’ਚੋਂ ਪ੍ਰੀਖਿਆ ਦਾ ਡਰ ਦੂਰ ਭਜਾਇਆ ਜਾ ਸਕੇ।