ਕਰਤਾਰਪੁਰ ਦੇ ਬਸਰਾਮਪੁਰ ‘ਚ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਇੱਕ ਪਿੱਲਰ ਦੇ ਕੰਮ ਦੌਰਾਨ ਕਰੀਬ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਹੋ ਜਾਣ ਕਾਰਨ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਸੁਰੇਸ਼ ਦੇ ਮਾਮਲੇ ‘ਚ ਪੁਲਸ ਨੇ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਰਤਾਰਪੁਰ ਪੁਲਿਸ ਨੇ ਬਾਲਾਜੀ ਕੰਸਟਰਕਸ਼ਨ ਕੰਪਨੀ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 304 ਦੇ ਤਹਿਤ ਕਤਲ ਹੋਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜੈਪੁਰ ਰਾਜਸਥਾਨ ਕੰਪਨੀ ਬਾਲਾਜੀ ਕੰਸਟਰਕਸ਼ਨ ਦੇ ਡਾਇਰੈਕਟਰ, ਬਾਲਾਜੀ ਕੰਪਨੀ ਦੇ ਸਾਈਟ ਇੰਜੀਨੀਅਰ ਅਤੇ ਦੋ ਅਣਪਛਾਤੇ ਲੋਕਾਂ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸੁਰੇਸ਼ ਦੇ ਭਰਾ ਸਤਿਆਵਾਨ ਨੇ ਆਪਣੀ ਸ਼ਿਕਾਇਤ ਵਿੱਚ ਆਪਣੇ ਭਰਾ ਦੀ ਮੌਤ ਲਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਤਿਆਵਾਨ ਨੇ ਦੋਸ਼ ਲਾਇਆ ਹੈ ਕਿ ਉਸ ਦੇ ਭਰਾ ਨੂੰ ਬਿਨਾਂ ਕਿਸੇ ਸੁਰੱਖਿਆ ਦੇ 80 ਫੁੱਟ ਡੂੰਘੇ ਬੋਲਵੇਲ ਵਿੱਚ ਉਤਾਰ ਦਿੱਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਦੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਸ ਦਾ ਭਰਾ ਉਸ ਨੂੰ ਫੋਨ ‘ਤੇ ਦੱਸਦਾ ਸੀ ਕਿ ਉਹ ਜਲੰਧਰ ਦੇ ਕਰਤਾਰਪੁਰ ‘ਚ ਜਿਸ ਕੰਪਨੀ ‘ਚ ਕੰਮ ਕਰਦਾ ਹੈ, ਉਹ ਕੰਪਨੀ ਪਿਲੱਰ ਪਾਉਣ ਲਈ ਜੋ ਗਹਿਰੇ ਬੋਰ ਕਰਦੀ ਹੈ ਉਸ ਵਿਚ ਉਸ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਨੀਚੇ ਉਤਾਰ ਦਿੰਦੀ ਹੈ ਜਿਸ ਵਿਚ ਕਾਫੀ ਖਤਰਾ ਹੈ। ਹਾਦਸੇ ਤੋਂ ਬਾਅਦ ਜਦੋਂ ਉਹ ਬਸਰਾਮਪੁਰ (ਕਰਤਾਰਪੁਰ) ਪਹੁੰਚਿਆ ਤਾਂ ਸੁਰੇਸ਼ ਦੇ ਦੋਸਤ ਪਵਨ ਨੇ ਵੀ ਦੱਸਿਆ ਕਿ ਉਸ ਕੋਲ ਬੋਰ ਵਿੱਚ ਆਕਸੀਜਨ ਸਿਲੰਡਰ ਨਹੀਂ ਸੀ।
ਦਸ ਦਈਏ ਕਿ ਕਰਤਾਰਪੁਰ ਨੇੜੇ ਬਸਰਾਮਪੁਰ ਵਿਖੇ ਕਰੀਬ 80 ਫੁੱਟ ਡੂੰਘੇ ਬੋਰਹੋਲ ਵਿੱਚ ਡਿੱਗੇ ਸੁਰੇਸ਼ ਨੂੰ ਐਨਡੀਆਰਐਫ ਅਤੇ ਐਨਐਚਏਆਈ ਦੀਆਂ ਟੀਮਾਂ ਨੇ 45 ਘੰਟਿਆਂ ਬਾਅਦ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਪਰ ਸੁਰੇਸ਼ ਦੀ ਬੋਰ ਵਿੱਚ ਹੀ ਮੌਤ ਹੋ ਗਈ ਸੀ ਅਤੇ ਉਸਦੀ ਲਾਸ਼ ਵੀ ਗੱਲ ਗਈ ਸੀ। ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਬੋਰਵੈੱਲ ‘ਚ ਦਮ ਘੁੱਟਣ ਨਾਲ ਸੁਰੇਸ਼ ਦੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਨੇੜੇ ਛੱਪੜ ਹੋਣ ਕਾਰਨ ਬਚਾਅ ਟੀਮਾਂ ਨੂੰ ਸੁਰੇਸ਼ ਨੂੰ ਬਚਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 50 ਫੁੱਟ ਪੁੱਟਣ ਤੋਂ ਬਾਅਦ ਛੱਪੜ ਕਾਰਨ ਮਿੱਟੀ ਨਰਮ ਹੋਣ ਕਾਰਨ ਕੰਮ ਵਿੱਚ ਰੁਕਾਵਟ ਆਈ।