ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਐਕਸ਼ਨ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ 19 ਜ਼ਿਲ੍ਹਿਆਂ ਵਿੱਚ 20 ਥਾਵਾਂ ’ਤੇ ਧਰਨੇ ਲਾਏ ਜਾ ਰਹੇ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਨਾਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਸਿੱਖ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਜਲਦ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਦਾਲਤੀ ਸੁਣਵਾਈ ਤੋਂ ਬਿਨਾਂ ਹੀ ਸਾਲਾਂਬੱਧੀ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਸੁਣਵਾਈ ਸ਼ੁਰੂ ਕੀਤੀ ਜਾਵੇ ਤੇ ਬਣਦੀ ਕਾਨੂੰਨੀ ਸਜ਼ਾ ਤੋਂ ਵੱਧ ਸਮਾਂ ਜੇਲ੍ਹ ’ਚ ਕੱਟਣ ਵਾਲਿਆਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਦਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਮਾਇਤ ਦੇ ਰਿਹਾ ਹੈ। ਇਸ ਦਰਮਿਆਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਜਾਤਾਂ, ਧਰਮਾਂ ਤੇ ਇਲਾਕਿਆਂ ਦੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਪ੍ਰਸੰਗ ‘ਚ ਦੇਖਿਆਂ ਸੌੜੇ ਧਾਰਮਿਕ ਅਤੇ ਫਿਰਕੂ ਪੈਂਤੜੇ ਦੀ ਥਾਂ ਇਸ ਮੁੱਦੇ ਨੂੰ ਧਰਮ ਨਿਰਪੱਖ ਅਤੇ ਜਮਹੂਰੀ ਪੈਂਤੜੇ ਤੋਂ ਉਠਾਉਣਾ ਹੀ ਸੰਘਰਸ਼ ਦਾ ਸਿੱਕੇਬੰਦ ਪੈਂਤੜਾ ਬਣਦਾ ਹੈ। ਕਰਨਾਟਕ ਜੇਲ੍ਹ ਤੋਂ ਪੈਰੋਲ ‘ਤੇ ਆਏ ਅਜਿਹੇ ਪੀੜਤ ਕੈਦੀ ਗੁਰਦੀਪ ਸਿੰਘ ਖੇੜਾ ਨੇ ਵੀ ਇਸ ਪੈਂਤੜੇ ਉੱਪਰ ਹੀ ਮੋਹਰ ਲਾਈ ਹੈ।