ਅੰਮ੍ਰਿਤਸਰ ’ਚ ਸੁਧੀਰ ਕੁਮਾਰ ਸੂਰੀ ਦੇ ਕਤਲ ਮਾਮਲੇ ਤੋਂ ਬਾਅਦ ਭਾਈਚਾਰਕ ਏਕਤਾ ’ਚ ਤਨਾਅ ਨਜ਼ਰ ਆ ਰਿਹਾ ਹੈ ਜਿਸ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰ ’ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਹਨ। ਜੱਥੇਦਾਰ ਨੇ ਸਰਕਾਰ ‘ਤੇ ਮੂਕ ਦਰਸ਼ਕ ਬਣਨ ਦਾ ਇਲਜ਼ਾਮ ਵੀ ਲਗਾਇਆ ਹੈ। ਦਸ ਦਈਏ ਕਿ ਸੁਧੀਰ ਕੁਮਾਰ ਸੂਰੀ ਦੇ ਕਤਲ ਮਾਮਲੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਵਿਵਾਦਿਤ ਬਿਆਨ ਵੀ ਦਿੱਤੇ ਜਾ ਰਹੇ ਹਨ। ਇਕ ਹਿੰਦੂ ਨੇਤਾ ਵੱਲੋਂ ਦਿੱਤੇ ਬਿਆਨ ਕਾਰਨ ਉਸ ‘ਤੇ ਮਾਮਲਾ ਵੀ ਦਰਜ ਹੋ ਚੁੱਕਾ ਹੈ ਪਰ ਉਸ ਖ਼ਿਲਾਫ਼ ਇਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਹੋਈ ਜਿਸ ‘ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦੇ ਯਤਨ ਦਿਨ-ਬ-ਦਿਨ ਵੱਧਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰੇਆਮ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਈ ਵਾਰ ਸੱਚਖੰਡ ਹਰਮੰਦਿਰ ਸਾਹਿਬ ਹਮਲਾ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਇਸ ਸਾਰੇ ਮਹੌਲ ’ਚ ਸਰਕਾਰ ਚੁੱਪੀ ਧਾਰੀ ਬੈਠੀ ਹੈ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਿਸੇ ਵੀ ਕੀਮਤ ’ਤੇ ਸਿੱਖ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਮੁਲਕ ’ਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗ਼ਲਤ ਨਹੀਂ ਹਨ ਤਾਂ ਫ਼ਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਕਿਸ ਤਰ੍ਹਾਂ ਗ਼ਲਤ ਹੋ ਗਏ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਨ ਦੀਆਂ ਧਮਕੀਆਂ ਦੇਣ ਵਾਲੇ ਅਜੇ ਤੱਕ ਸਰਕਾਰੀ ਸੁਰੱਖਿਆ ’ਚ ਵਿਚਰਦੇ ਨਜ਼ਰ ਆ ਰਹੇ ਹਨ ਕਿਉਂ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ਜੇਲ੍ਹਾਂ ’ਚ ਬੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਪੂਰੀ ਸਿੱਖ ਕੌਮ ਨੂੰ ਖ਼ਤਮ ਕਰਨ ਅਤੇ ਹਰਿਮੰਦਰ ਸਾਹਿਬ ਹਮਲਾ ਕਰਨ ਦੀ ਚੁਣੌਤੀ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਜੇਕਰ ਇਹ ਧਮਕੀ ਹਿੰਦੂ ਤੀਰਥ ਜਾ ਫ਼ਿਰ ਕਿਸੇ ਹਿੰਦੂ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਉਹ ਅੱਜ ਜੇਲ੍ਹ ’ਚ ਬੰਦ ਹੁੰਦਾ। ਕਿਤੇ ਨਾ ਕਿਤੇ ਸਰਕਾਰਾਂ ਸਿੱਖਾਂ ਨਾਲ ਪੱਖ ਪਾਤ ਕਰ ਰਹੀਆਂ ਹਨ।
ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੇ ਮਸਲੇ ਜਲਦ ਤੋਂ ਜਲਦ ਹੱਲ ਕਰੇ। ਉਨ੍ਹਾਂ ਕਿਹਾ ਜੇਕਰ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ ਤਾਂ ਬੰਦੀ ਸਿੱਖਾਂ ਨੂੰ ਕਿਉਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਮੁਲਕ ’ਚ ਦੋ ਕਾਨੂੰਨ ਚੱਲਦੇ ਹਨ ਇਕ ਸਿੱਖਾਂ ਤੇ ਮੁਸਲਮਾਨਾਂ ਲਈ ਅਤੇ ਇਕ ਬਹੁਗਿਣਤੀ ਲਈ ਹੈ। ਉਨ੍ਹਾਂ ਕਿਹਾ ਕਿ ਮੁਲਕ ’ਚ ਇੰਨੇ ਕਾਨੂੰਨ ਹੋਣ ਦੇ ਬਾਵਜੂਦ ਵੀ ਦੇਸ਼ ਅਖੰਡ ਕਿਵੇਂ ਰਹਿ ਸਕਦਾ ਹੈ। ਜੇਕਰ ਤੁਸੀਂ ਦੇਸ਼ ਨੂੰ ਇਕ ਕਰਨਾ ਹੈ ਤਾਂ ਇਸ ਲਈ ਇਕ ਕਾਨੂੰਨ ਹੋਣਾ ਚਾਹੀਦਾ ਹੈ। ਅਸੀਂ ਸਾਰੇ ਦੇਸ਼ ’ਚ ਚੈਨ, ਅਮਨ, ਭਾਈਚਾਰੇ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਇਸ ਸ਼ਾਂਤੀ ਨੂੰ ਭੰਗ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹੀ ਕਹਿੰਦੇ ਹਾਂ ਸਿੱਖਾਂ ਨਾਲ ਇਨਸਾਫ਼ ਕੀਤਾ ਜਾਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਇਕ ਸ਼ਿਵ ਸੈਨਿਕ ਆਗੂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਅਤੇ ਇਕ ਹੋਰ ਸ਼ਿਵ ਸੈਨਾ ਆਗੂ ਵੱਲੋਂ ਸਿੱਖ ਨੌਜਵਾਨ ਦੀ ਨਸਲਕੁਸ਼ੀ ਕਰਨ ਦੀ ਗੱਲ ਵੀ ਕਹੀ ਸੀ। ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਅੱਜ ਮੀਡੀਆ ਬਿਆਨ ਜਾਰੀ ਕਰਕੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।