ਇਸ ਵੇਲੇ ਦੀ ਵੱਡੀ ਖ਼ਬਰ ਭਾਰਤੀ ਕ੍ਰਿਕਟ ਟੀਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਭਾਰਤੀ ਕ੍ਰਿਕਟ ਟੀਮ ਨੂੰ ਜਲਦ ਨਵਾਂ ਕਪਤਾਨ ਮਿਲ ਸਕਦਾ ਹੈ। ਚੋਣ ਕਮੇਟੀ ਇਸ ਬਾਰੇ ਵਿਚਾਰ ਕਰ ਰਹੀ ਹੈ ਅਤੇ ਉਹਨਾਂ ਦੀ ਲਿਸਟ ਵਿਚ ਹਾਰਦਿਕ ਪੰਡਯਾ ਦਾ ਨਾਂ ਸਭ ਤੋਂ ਉਪਰ ਚੱਲ ਰਿਹਾ ਹੈ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਵਨਡੇ ਅਤੇ ਟੀ-20 ਟੀਮ ਦੇ ਨਵੇਂ ਕਪਤਾਨ ਬਣ ਸਕਦੇ ਹਨ। ਹਾਸਲ ਹੋਈ ਜਾਣਕਾਰੀ ਮੁਤਾਬਕ ਹਾਰਦਿਕ ਨਾਲ ਇਸ ਬਾਰੇ ਗੱਲ ਕੀਤੀ ਗਈ ਹੈ ਅਤੇ ਜਵਾਬ ਦੇਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। ਫਿਲਹਾਲ ਇਸ ਸਬੰਧ ‘ਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਇਹ ਤੈਅ ਹੈ ਕਿ ਸ਼੍ਰੀਲੰਕਾ ਖਿਲਾਫ ਸੀਰੀਜ਼ ‘ਚ ਹਾਰਦਿਕ ਨੂੰ ਕਪਤਾਨੀ ਮਿਲੇਗੀ। ਹਾਰਦਿਕ ਪਹਿਲਾਂ ਹੀ ਰੋਹਿਤ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਹਾਲ ਹੀ ‘ਚ ਉਸ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਸੀਰੀਜ਼ ‘ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਹਾਰਦਿਕ ਪੰਡਯਾ ਨੇ ਇੰਡੀਅਨ ਪ੍ਰੀਮੀਅਰ ਲੀਗ 2022 ਵਿੱਚ ਗੁਜਰਾਤ ਟਾਈਟਨਸ ਦੀ ਕਪਤਾਨੀ ਕੀਤੀ, 15 ਮੈਚਾਂ ਵਿੱਚ 44.27 ਦੀ ਔਸਤ ਨਾਲ 487 ਦੌੜਾਂ ਬਣਾਈਆਂ। ਉਸ ਨੇ ਇਸ ਟੂਰਨਾਮੈਂਟ ਵਿੱਚ ਅੱਠ ਵਿਕਟਾਂ ਵੀ ਲਈਆਂ।
ਹਾਰਦਿਕ ਨੂੰ ਆਇਰਲੈਂਡ ਦੇ ਖਿਲਾਫ਼ ਦੋ ਟੀ-20 ਮੈਚਾਂ ਦੀ ਸੀਰੀਜ਼ ‘ਚ ਪਹਿਲੀ ਵਾਰ ਭਾਰਤ ਦਾ ਕਪਤਾਨ ਚੁਣਿਆ ਗਿਆ ਸੀ ਅਤੇ ਟੀਮ ਇੰਡੀਆ ਨੇ ਸੀਰੀਜ਼ 2-0 ਨਾਲ ਜਿੱਤੀ ਸੀ। ਹਾਰਦਿਕ ਵੈਸਟਇੰਡੀਜ਼ ਦੇ ਖਿਲਾਫ਼ ਟੀ-20 ਸੀਰੀਜ਼ ‘ਚ ਵੀ ਭਾਰਤ ਦੇ ਉਪ-ਕਪਤਾਨ ਸਨ ਅਤੇ ਭਾਰਤ ਨੇ ਸੀਰੀਜ਼ 4-1 ਨਾਲ ਜਿੱਤੀ ਸੀ। ਪੰਡਯਾ ਨੇ ਨਿਊਜ਼ੀਲੈਂਡ ਦੇ ਖਿਲਾਫ਼ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ, ਰਿਸ਼ਭ ਪੰਤ ਉਸਦੇ ਉਪ-ਕਪਤਾਨ ਸਨ। ਭਾਰਤ ਨੇ ਸੀਰੀਜ਼ 1-0 ਨਾਲ ਜਿੱਤੀ। ਉਹਨਾਂ ਨੇ ਟੀ-20 ਵਿਸ਼ਵ ਕੱਪ ਦੇ ਕੁਝ ਮੈਚਾਂ ‘ਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, “ਇਹ ਮਾਮਲਾ ਸਿਖਰ ਕੌਂਸਲ ਦੇ ਏਜੰਡੇ ‘ਤੇ ਵੀ ਨਹੀਂ ਸੀ ਅਤੇ ਇਸ ‘ਤੇ ਚਰਚਾ ਨਹੀਂ ਕੀਤੀ ਗਈ ਸੀ। ਸਿਰਫ਼ ਚੋਣ ਕਮੇਟੀ ਹੀ ਕਪਤਾਨੀ ਬਾਰੇ ਫ਼ੈਸਲਾ ਕਰ ਸਕਦੀ ਹੈ। ਹਾਲਾਂਕਿ, ਭਾਰਤ ਦੀ T20I ਟੀਮ ਪੂਰੀ ਤਰ੍ਹਾਂ ਨਾਲ ਸੁਧਾਰ ਲਈ ਹੈ ਅਤੇ ਹਾਰਦਿਕ ਪੰਡਯਾ ਨੂੰ ਕਪਤਾਨੀ ਦਾ ਨਵਾਂ ਵਿਕਲਪ ਮੰਨਿਆ ਜਾ ਰਿਹਾ ਹੈ।
ਸਾਲ 2023 ‘ਚ ਭਾਰਤ ਨੇ ਸਿਰਫ ਛੇ ਟੀ-20 ਮੈਚ ਖੇਡਣੇ ਹਨ। ਇਸ ਸਾਲ ਵਨਡੇ ਵਿਸ਼ਵ ਕੱਪ ਦੇ ਕਾਰਨ ਜ਼ਿਆਦਾਤਰ ਸੀਰੀਜ਼ ਵਨਡੇ ਫਾਰਮੈਟ ‘ਚ ਖੇਡੀਆਂ ਜਾਣਗੀਆਂ। ਰੋਹਿਤ 2024 ਟੀ-20 ਵਿਸ਼ਵ ਕੱਪ ਲਈ ਭਾਰਤੀ ਪ੍ਰਬੰਧਨ ਦੀ ਯੋਜਨਾ ‘ਚ ਨਹੀਂ ਹੈ। ਅਜਿਹੇ ‘ਚ ਹਾਰਦਿਕ ਨੂੰ ਨਵਾਂ ਕਪਤਾਨ ਬਣਾਇਆ ਜਾ ਸਕਦਾ ਹੈ।