ਭਾਰਤੀ ਰੇਲਵੇ ਨੇ ਵਿਸਾਖੀ ਤਿਉਹਾਰ ਤੋਂ ਪਹਿਲਾਂ ਆਪਣੀ ਭਾਰਤ ਗੌਰਵ ਟੂਰਿਸਟ ਟਰੇਨ ਲਈ ਇੱਕ ਨਵੀਂ ਯਾਤਰਾ ਦਾ ਐਲਾਨ ਕੀਤਾ ਹੈ। ਅਪ੍ਰੈਲ ਵਿੱਚ ਆਉਣ ਵਾਲੇ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ, IRCTC (Indian Railway Catering and Tourism Corporation) ਦੇਸ਼ ਭਰ ਵਿੱਚ ਸਿੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ, ‘ਭਾਰਤ ਗੌਰਵ ਟੂਰਿਸਟ ਟਰੇਨ’ ਗੁਰੂ ਕ੍ਰਿਪਾ ਯਾਤਰਾ ਦੀ ਵਿਸ਼ੇਸ਼ ਸੇਵਾ ਸ਼ੁਰੂ ਕਰਨ ਜਾ ਰਹੀ ਹੈ।
ਮੰਤਰਾਲਾ ਨੇ ਦੱਸਿਆ ਕਿ ਇਸ ਦੌਰੇ ’ਚ ਆਨੰਦਪੁਰ ਸਾਹਿਬ ’ਚ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਅਤੇ ਵਿਰਾਸਤ-ਏ-ਖਾਲਸਾ, ਕੀਰਤਪੁਰ ਸਾਹਿਬ ’ਚ ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ, ਸਰਹਿੰਦ ’ਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਬੰਠਿਡਾ ’ਚ ਸ੍ਰੀ ਦਮਦਮਾ ਸਾਹਿਬ, ਨਾਂਦੇੜ ’ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬੀਦਰ ’ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਅਤੇ ਪਟਨਾ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਯਾਤਰਾ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਸ਼ਰਧਾਲੂ ਪੰਜ ਪਵਿੱਤਰ ਤਖ਼ਤਾਂ ਸਮੇਤ ਸਿੱਖ ਧਰਮ ਦੇ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਗੇ। ਸੰਗਤਾਂ ਨੂੰ ਅਹਿਮ ਤੋਹਫ਼ਾ ਦਿੰਦੇ ਹੋਏ ਰੇਲਵੇ ਮੰਤਰਾਲਾ ਨੇ ਕਿਹਾ ਕਿ 10 ਰਾਤਾਂ ਅਤੇ 11 ਦਿਨਾਂ ਦੀ ਇਹ ਯਾਤਰਾ 5 ਅਪ੍ਰੈਲ ਨੂੰ ਲਖਨਊ ਤੋਂ ਸ਼ੁਰੂ ਹੋਵੇਗੀ ਅਤੇ 15 ਅਪ੍ਰੈਲ ਨੂੰ ਸਮਾਪਤ ਹੋਵੇਗੀ।