ਲੋਕਾਂ ’ਚ ਫੈਲ ਰਹੀ ਨਫ਼ਰਤ ਨੂੰ ਖ਼ਤਮ ਕਰਨ ਅਤੇ ਧਰਮ ਦੇ ਨਾਂ ’ਤੇ ਲੋਕਾਂ ਨੂੰ ਵੰਡਾਉਣ ਖਿਲਾਫ਼ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ ਪੰਜਾਬ ‘ਚ ਆਗਾਜ਼ ਹੋਇਆ। ਪੰਜਾਬ ’ਚ ਇਸ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਗਈ। ਅੱਜ ਇਸ ਯਾਤਰਾ ’ਚ ਆਮ ਆਦਮੀ ਪਾਰਟੀ ਦੇ ਸਾਬਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਸ਼ਾਮਲ ਹੋਏ, ਉਨ੍ਹਾਂ ਦੇ ਵਲੋਂ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਵਿਚਾਰ ਚਰਚਾ ਵੀ ਕੀਤੀ ਗਈ। ਡਾ. ਗਾਂਧੀ ਦੇ ਯਾਤਰਾ ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛਿੜ ਗਈ ਹੈ, ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਾ. ਧਰਮਵੀਰ ਗਾਂਧੀ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ, ਪਰ ਫਿਲਹਾਲ ਰਸਮੀ ਤੌਰ ’ਤੇ ਉਹ ਹਾਲੇ ਤੱਕ ਕਾਂਗਰਸ ਪਾਰਟੀ ’ਚ ਸ਼ਾਮਲ ਨਹੀਂ ਹੋਏ ਹਨ, ਹੋਰ ਤਾਂ ਹੋਰ ਉਹ ਕਾਂਗਰਸ ਪਾਰਟੀ ਦੇ ਹੱਕ ’ਚ ਚੱਲਣ ਲਈ ਪਹਿਲਾਂ ਵੀ ਐਲਾਨ ਕਰ ਚੁੱਕੇ ਹਨ।
ਦੂਜੇ ਪਾਸੇ ਜੇਕਰ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਜੇ ਵੀ ਦੁਚਿੱਤੀ ਵਿੱਚ ਹੈ, ਕਿਉਂਕਿ ਕੁੱਝ ਕਾਂਗਰਸੀ ਲੀਡਰ ਚਾਹੁੰਦੇ ਹਨ ਕਿ ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਹਾਲੇ ਤੱਕ ਕਾਂਗਰਸ ਹਾਈਕਮਾਨ ਨੇ ਮਹਾਰਾਣੀ ਪ੍ਰਨੀਤ ਕੌਰ ’ਤੇ ਕੋਈ ਐਕਸ਼ਨ ਨਹੀਂ ਲਿਆ ਹੈ। ਅੱਜ ਭਾਰਤ ਜੋੜੋ ਯਾਤਰਾ ’ਚ ਮਹਾਰਾਣੀ ਪ੍ਰਨੀਤ ਕੌਰ ਦੀ ਗੈਰ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਭਾਰਤ ਜੋੜੋ ਯਾਤਰਾ ’ਚ ਗੈਰ ਹਾਜ਼ਰ ਰਹਿਣ ਤੋਂ ਬਾਅਦ ਕਾਂਗਰਸ ਹਾਈਕਮਾਨ ਮਹਾਰਾਣੀ ਪ੍ਰਨੀਤ ਕੌਰ ’ਤੇ ਕੀ ਐਕਸ਼ਨ ਲੈਂਦੀ ਹੈ ਜਾਂ ਫਿਰ ਨਹੀਂ।