ਰਾਹੁਲ ਗਾਂਧੀ ਦੀ ਅਗਵਾਈ ਵਿਚ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਕਸ਼ਮੀਰ ਦੇ ਸ਼੍ਰੀਨਗਰ ਵਿਚ ਸਮਾਪਤ ਹੋਵੇਗੀ। ਇਸ ਸਬੰਧ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 21 ਬਰਾਬਰ ਸੋਚ ਵਾਲੀਆਂ ਪਾਰਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ 30 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਲਈ ਸੱਦਾ ਦਿੱਤਾ ਹੈ। ਖੜਗੇ ਨੇ ਪੱਤਰ ਵਿਚ ਲਿਖਿਆ, “ਮੈਂ ਤੁਹਾਡੇ ਸਕਾਰਾਤਮਕ ਜਵਾਬ ਅਤੇ ਸ਼੍ਰੀਨਗਰ ਵਿਚ ਤੁਹਾਨੂੰ ਮਿਲਣ ਦੀ ਉਡੀਕ ਕਰ ਰਿਹਾ ਹਾਂ।”
ਉਹਨਾਂ ਨੇ ਇਹਨਾਂ ਪਾਰਟੀਆਂ ਦੇ ਮੁਖੀਆਂ ਨੂੰ ਲਿਖੇ ਪੱਤਰ ਵਿਚ ਇਹ ਵੀ ਕਿਹਾ ਕਿ ਉਹਨਾਂ ਦੀ ਮੌਜੂਦਗੀ ਯਾਤਰਾ ਦੇ ਸੱਚ, ਦਇਆ ਅਤੇ ਅਹਿੰਸਾ ਦੇ ਸੰਦੇਸ਼ ਨੂੰ ਮਜ਼ਬੂਤ ਕਰੇਗੀ। ਖੜਗੇ ਨੇ ਕਿਹਾ, ”ਮੈਂ ਤੁਹਾਨੂੰ 30 ਜਨਵਰੀ ਨੂੰ ਸ਼੍ਰੀਨਗਰ ‘ਚ ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਰੋਹ ‘ਚ ਸ਼ਾਮਲ ਹੋਣ ਲਈ ਨਿੱਜੀ ਤੌਰ ‘ਤੇ ਸੱਦਾ ਦਿੰਦਾ ਹਾਂ। ਇਹ ਸਮਾਗਮ ਮਹਾਤਮਾ ਗਾਂਧੀ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਅੱਜ ਦੇ ਦਿਨ ਨਫ਼ਰਤ ਅਤੇ ਹਿੰਸਾ ਦੀ ਵਿਚਾਰਧਾਰਾ ਵਿਰੁੱਧ ਅਣਥੱਕ ਸੰਘਰਸ਼ ਵਿਚ ਆਪਣੀ ਜਾਨ ਗਵਾਈ”।
ਖੜਗੇ ਨੇ ਕਿਹਾ, “ਇਸ ਸਮਾਰੋਹ ਵਿਚ ਅਸੀਂ ਨਫ਼ਰਤ ਅਤੇ ਹਿੰਸਾ ਨਾਲ ਲੜਨ, ਸੱਚਾਈ, ਦਇਆ ਅਤੇ ਅਹਿੰਸਾ ਦਾ ਸੰਦੇਸ਼ ਫੈਲਾਉਣ ਅਤੇ ਸਾਰਿਆਂ ਲਈ ਆਜ਼ਾਦੀ, ਬਰਾਬਰੀ, ਭਾਈਚਾਰਾ ਅਤੇ ਨਿਆਂ ਦੇ ਸੰਵਿਧਾਨਕ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਦੀ ਸਹੁੰ ਲਵਾਂਗੇ”। ਉਹਨਾਂ ਅੱਗੇ ਕਿਹਾ, “ਜਦੋਂ ਸਾਡਾ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਯੋਜਨਾਬੱਧ ਤਰੀਕੇ ਨਾਲ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ ਤਾਂ ਇਹ ਯਾਤਰਾ ਇਕ ਸ਼ਕਤੀਸ਼ਾਲੀ ਆਵਾਜ਼ ਬਣ ਕੇ ਉਭਰੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਹਾਜ਼ਰ ਹੋਵੋਗੇ ਅਤੇ ਇਸ ਸੰਦੇਸ਼ ਨੂੰ ਮਜ਼ਬੂਤ ਕਰੋਗੇ।”
ਖੜਗੇ ਨੇ ਦਾਅਵਾ ਕੀਤਾ ਕਿ ਜਦੋਂ ਦੇਸ਼ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੰਸਦ ਅਤੇ ਮੀਡੀਆ ਵਿਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤਾਂ ਉਸ ਸਮੇਂ ਯਾਤਰਾ ਲੋਕਾਂ ਨੂੰ ਜੋੜ ਰਹੀ ਹੈ। 7 ਸਤੰਬਰ 2022 ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ’ 30 ਜਨਵਰੀ, 2023 ਨੂੰ ਸ਼੍ਰੀਨਗਰ ‘ਚ ਸਮਾਪਤ ਹੋਵੇਗੀ। ਇਸ ਦੌਰਾਨ ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ‘ਚ ਤਿਰੰਗਾ ਲਹਿਰਾਉਣਗੇ। ਇਹ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਆਦਿ ਸੂਬਿਆਂ ਵਿਚੋਂ ਲੰਘ ਚੁੱਕੀ ਹੈ।