‘ਭਾਰਤ ਜੋੜੋ ਯਾਤਰਾ’ ਦੌਰਾਨ ਦਿੱਲੀ ਵਿਖੇ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈਕੇ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਜਾਣਕਾਰੀ ਅਨੁਸਾਰ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਨੂੰਗੋਪਾਲ ਵਲੋਂ ਲਿਖੇ ਇਕ ਪੱਤਰ ‘ਚ ਰਾਹੁਲ ਗਾਂਧੀ ਦੀ ਸੁਰੱਖਿਆ ਬਾਰੇ ਚਿੰਤਾ ਜਤਾਈ ਗਈ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਕਈ ਥਾਂਵਾਂ ‘ਤੇ ਰਾਹੁਲ ਦੀ ਸੁਰੱਖਿਆ ‘ਚ ਲਾਪਰਵਾਹੀ ਹੋਈ। ਇਸ ਲਈ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਇੰਤਜ਼ਾਮ ਕੀਤੇ ਜਾਣ। ਪੱਤਰ ਲਿਖ ਕੇ ਦਾਅਵਾ ਕੀਤਾ ਗਿਆ ਹੈ ਕਿ 24 ਦਸੰਬਰ ਨੂੰ ਦਿੱਲੀ ‘ਚ ‘ਭਾਰਤ ਜੋੜੋ ਯਾਤਰਾ’ ਦੀ ਸੁਰੱਖਿਆ ‘ਚ ਲਾਪਰਵਾਹੀ ਹੋਈ ਅਤੇ ਪੁਲਿਸ ਰਾਹੁਲ ਗਾਂਧੀ ਦੇ ਆਲੇ ਦੁਆਲੇ ਭੀੜ ਨੂੰ ਕੰਟਰੋਲ ਕਰ ਕੇ ਘੇਰਾ ਬਣਾਉਣ ‘ਚ ਅਸਫ਼ਲ ਰਹੀ, ਜਦੋਂ ਕਿ ਉਨ੍ਹਾਂ ਨੂੰ ‘ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਪੱਤਰ ‘ਚ ਇਹ ਅਪੀਲ ਵੀ ਕੀਤੀ ਕਿ ਹੁਣ ਅੱਗੇ ਪੰਜਾਬ ਅਤੇ ਜੰਮੂ ਕਸ਼ਮੀਰ ਵਰਗੇ ‘ਸੰਵੇਦਨਸ਼ੀਲ ਸੂਬਿਆਂ’ ‘ਚ ਰਾਹੁਲ ਗਾਂਧੀ ਅਤੇ ਯਾਤਰਾ ਦੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦਿੱਲੀ ‘ਚ 24 ਦਸੰਬਰ ਨੂੰ ਸਥਿਤੀ ਇਹ ਹੋ ਗਈ ਸੀ ਕਿ ਕਾਂਗਰਸ ਵਰਕਰਾਂ ਅਤੇ ‘ਭਾਰਤ ਯਾਤਰੀਆਂ’ ਨੂੰ ਰਾਹੁਲ ਗਾਂਧੀ ਦੇ ਨੇੜੇ-ਤੇੜੇ ਘੇਰਾ ਬਣਾਉਣਾ ਪਿਆ ਸੀ।
ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਕੁਝ ਹੋਰ ਕਾਂਗਰਸ ਨੇਤਾਵਾਂ ਦੇ ਬੀਤੇ ਸਮੇਂ ‘ਚ ਹੋਏ ਕਤਲ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਨੂੰ ਬਦਲਾਖੋਰੀ ਦੀ ਰਾਜਨੀਤੀ ‘ਚ ਨਹੀਂ ਪੈਣਾ ਚਾਹੀਦਾ ਅਤੇ ਕਾਂਗਰਸ ਨੇਤਾਵਾਂ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ। ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ’, ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੋਂ ਲੰਘ ਚੁੱਕੀ ਹੈ ਅਤੇ ਫਿਲਹਾਲ ਦਿੱਲੀ ‘ਚ ਆਰਾਮ ਦੇ ਦੌਰ ‘ਚ ਹੈ। ਜਨਵਰੀ ਦੇ ਸ਼ੁਰੂ ‘ਚ ਯਾਤਰਾ ਦੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਹੁੰਦੇ ਹੋਏ ਜੰਮੂ ਕਸ਼ਮੀਰ ਜਾਣ ਦਾ ਪ੍ਰੋਗਰਾਮ ਹੈ। ਉਥੇ ਹੀ ਦੂਜੇ ਪਾਸੇ ਕਾਂਗਰਸ ਵਲੋਂ ਬੀਜੇਪੀ ਸਰਕਾਰ ’ਤੇ ਭਾਰਤ ਜੋੜੋ ਯਾਤਰਾ ਰੋਕਣ ਦੇ ਵੀ ਦੋਸ਼ ਲਗਾਏ ਹਨ।