ਉੱਤਰ ਪ੍ਰਦੇਸ਼ ‘ਚ ਭੀਮ ਆਰਮੀ ਚੀਫ ਚੰਦਰਸ਼ੇਖਰ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੀ ਕਮਰ ‘ਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਉਹਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਭੀਮ ਆਰਮੀ ਚੀਫ ਆਪਣੀ ਕਾਰ ‘ਚ ਬੈਠਕੇ ਕਿਸੇ ਪ੍ਰੋਗਰਾਮ ‘ਚ ਜਾ ਰਹੇ ਸਨ। ਇਸ ਦੌਰਾਨ ਉਹਨਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ।
ਐਸਪੀ ਦੇਹਾਤ ਸਾਗਰ ਜੈਨ ਨੇ ਦੱਸਿਆ ਕਿ ਚੰਦਰਸ਼ੇਖਰ ਆਜ਼ਾਦ ਦੇਵਬੰਦ ਦੀ ਗਾਂਧੀ ਕਾਲੋਨੀ ਵਿੱਚ ਕਿਸੇ ਨੂੰ ਮਿਲਣ ਗਏ ਸੀ। ਉਥੋਂ ਨਿਕਲਦੇ ਸਮੇਂ ਦੋ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਏ ਅਤੇ ਹਮਲਾਵਰ ਕਾਰ ਵਿੱਚ ਫਰਾਰ ਹੋ ਗਏ। ਉਸ ਨੂੰ ਇਲਾਜ ਲਈ ਦੇਵਬੰਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਐਸਪੀ ਦੇਹਾਤ ਦਾ ਕਹਿਣਾ ਹੈ ਕਿ ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਐਸਐਸਪੀ ਵਿਪਿਨ ਟਾਡਾ ਦਾ ਕਹਿਣਾ ਹੈ ਕਿ ਆਜ਼ਾਦ ਸਮਾਜ ਪਾਰਟੀ-ਕਾਂਸ਼ੀਰਾਮ ਦੇ ਰਾਸ਼ਟਰੀ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਅਤੇ ਭੀਮ ਆਰਮੀ ਨੇਤਾ ਦੇ ਕਾਫਲੇ ‘ਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ। ਗੋਲੀਬਾਰੀ ਦੌਰਾਨ ਹਮਲਾਵਰਾਂ ਦੀ ਗੋਲੀ ਚੰਦਰਸ਼ੇਖਰ ਨੂੰ ਛੂਹ ਕੇ ਨਿਕਲੀ। ਹਾਲਾਂਕਿ ਡਾਕਟਰਾਂ ਮੁਤਾਬਕ ਉਹ ਖਤਰੇ ਤੋਂ ਬਾਹਰ ਹੈ। ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਜੁਟ ਗਈ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਮਲਾਵਰ ਹਰਿਆਣਾ ਨੰਬਰ ਦੀ ਕਾਰ ਵਿੱਚ ਆਏ ਸਨ। ਦੂਜੇ ਪਾਸੇ ਭੀਮ ਆਰਮੀ ਚੀਫ ‘ਤੇ ਜਾਨਲੇਵਾ ਹਮਲੇ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ‘ਚ ਹੜਕੰਪ ਮਚ ਗਿਆ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਪੁਲਸ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਇਕੱਠੀ ਕੀਤੀ ਜਾ ਰਹੀ ਹੈ। ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ‘ਚ ਜੁਟੀ ਹੋਈ ਹੈ।