ਸੱਤਾ ਵਿਚ ਆਉਣ ਤੋਂ ਬਾਅਦ ‘ਆਪ’ ਸਰਕਾਰ ਵਲੋਂ ਪੰਜਾਬ ਦੇ ਵਿਚ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਕਈ ਮਕਾਨ ਮਾਲਕ ਅਜਿਹੇ ਹਨ ਜੋ ਸਰਕਾਰ ਦੀ ਇਸ ਸਕੀਮ ਤੋਂ ਕਿਰਾਏਦਾਰਾਂ ਨੂੰ ਵਾਂਝਾ ਰੱਖ ਰਹੇ ਹਨ। ਅਜਿਹਾ ਕਰਨ ਵਾਲੇ ਮਕਾਨ ਮਾਲਕਾਂ ਨੂੰ ਇਸ ਸਹੂਲਤ ਤੋਂ ਹੱਥ ਧੋਣਾ ਪੈ ਸਕਦਾ ਹੈ ਕਿਉਂਕਿ ਹੁਣ ਉਹ ਮੁਫ਼ਤ ਬਿਜਲੀ ਦੀ ਸਕੀਮ ਤੋਂ ਖੁਦ ਹੀ ਵਾਂਝੇ ਹੋ ਜਾਣਗੇ ਅਤੇ ਉਨ੍ਹਾਂ ਨੂੰ ਪੂਰਾ ਬਿਜਲੀ ਬਿੱਲ ਅਦਾ ਕਰਨਾ ਪਵੇਗਾ। ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਜੋ ਸਕੀਮ ਚਲਾਈ ਜਾ ਰਹੀ ਹੈ, ਉਸ ਵਿਚ ਹਰੇਕ ਵਿਅਕਤੀ ਲਈ ਨਿਯਮ ਅਤੇ ਸ਼ਰਤਾਂ ਬਰਾਬਰ ਹਨ।
ਕਿਰਾਏਦਾਰ ਇਸ ਸਹੂਲਤ ਦਾ ਓਨਾ ਹੀ ਲਾਭ ਲੈਣ ਦਾ ਹੱਕਦਾਰ ਹੈ, ਜਿੰਨੀ ਸਹੂਲਤ ਮਕਾਨ ਮਾਲਕ ਨੂੰ ਮਿਲ ਸਕਦੀ ਹੈ। ਜੋ ਜਾਣਕਾਰੀ ਇਕੱਠੀ ਹੋਈ ਹੈ, ਉਸ ਮੁਤਾਬਕ ਕਈ ਮਕਾਨ ਮਾਲਕ ਕਿਰਾਏਦਾਰਾਂ ਤੋਂ ਬਿਜਲੀ ਦੇ ਬਿੱਲਾਂ ਦੀ ਰਕਮ ਵਸੂਲ ਰਹੇ ਹਨ, ਜੋ ਨਿਯਮਾਂ ਦੇ ਉਲਟ ਹਨ। ਅਜਿਹਾ ਕਰ ਰਹੇ ਮਕਾਨ ਮਾਲਕ ਸਰਕਾਰ ਦੀ ਸਹੂਲਤ ਨੂੰ ਆਮ ਜਨਤਾ ਤੱਕ ਪਹੁੰਚਾਉਣ ਦੇ ਰਸਤੇ ਵਿਚ ਅੜਿੱਕਾ ਪੈਦਾ ਕਰਦੇ ਹੋਏ ਨਜ਼ਰ ਆ ਰਹੇ ਹਨ, ਜੋ ਸਾਫ਼ ਤੌਰ ’ਤੇ ਧੋਖਾਦੇਹੀ ਕਹੀ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਕਈ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਤੋਂ ਮੁਫ਼ਤ ਬਿਜਲੀ ਸਕੀਮ ਸ਼ੁਰੂ ਹੋਣ ਦੇ ਬਾਵਜੂਦ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਦੀ ਰਕਮ ਵਸੂਲ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਲੋਕਾਂ ਨੇ ਆਪਣੇ ਕਿਰਾਏਦਾਰਾਂ ਲਈ ਵੱਖਰੇ ਤੌਰ ’ਤੇ ਸਬ-ਮੀਟਰ ਲਾਇਆ ਹੋਇਆ ਹੈ ਅਤੇ ਉਸ ਦੀ ਖਪਤ ਦੇ ਹਿਸਾਬ ਨਾਲ ਬਣਦੀ ਰਕਮ ਵਸੂਲ ਕਰ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਉਸ ਘਰ ਦਾ ਬਿੱਲ ਜ਼ੀਰੋ ਆ ਰਿਹਾ ਹੈ।
ਪੰਜਾਬ ਸਰਕਾਰ ਨੂੰ ਜਾਰੀ ਹੈਲਪਲਾਈਨ ਨੰਬਰ ‘ਤੇ ਕਈ ਅਜਿਹੀ ਸ਼ਿਕਾਇਤਾਂ ਮਿਲੀਆਂ ਹਨ, ਜਿਸ ਵਿੱਚ ਕਿਰਾਏਦਾਰਾਂ ਵੱਲੋਂ ਇਹ ਕਿਹਾ ਗਿਆ ਕਿ ਮਕਾਨ ਮਾਲਕ ਖੁਦ ਜ਼ੀਰੋ ਬਿਜਲੀ ਬਿੱਲ ਦੀ ਸਹੂਲਤ ਦਾ ਆਨੰਦ ਮਾਨ ਰਹੇ ਹਨ, ਜਦਕਿ ਉਨ੍ਹਾਂ ਕੋਲੋਂ ਪੈਸੇ ਵਸੂਲ ਕੀਤੇ ਜਾ ਰਹੇ ਹਨ। ਮੋਹਾਲੀ, ਲੁਧਿਆਣਾ ਵਿੱਚ ਕਿਰਾਏਦਾਰਾਂ ਦੀਆਂ ਸ਼ਿਕਾਇਤਾਂ ਤੋਂ ਇਲਾਵਾ ਕਿਰਾਏ ਉਪਰ ਰਹਿ ਰਹੇ ਵਿਿਦਆਰਥੀਆਂ ਵੱਲੋਂ ਆਈਆਂ ਹਨ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਮਕਾਨ ਮਾਲਕ ਦਾ ਬਿੱਲ ਜ਼ੀਰੋ ਆਉਂਦਾ ਹੈ ਅਤੇ ਉਹ ਕਿਰਾਏਦਾਰ ਤੋਂ ਬਿੱਲ ਵਸੂਲਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ। ਬਹੁਤ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਸਬੰਧ ਵਿਚ ਜਾਣਕਾਰੀ ਮਿਲ ਰਹੀ ਹੈ। ਸਰਕਾਰ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਇਸ ਬਾਰੇ ਸਖਤ ਨਿਯਮ ਬਣਾਇਆ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਜ਼ੀਰੋ ਬਿੱਲ ਆਉਣ ਦੇ ਬਾਵਜੂਦ ਕਿਰਾਏਦਾਰਾਂ ਤੋਂ ਬਿੱਲ ਲੈ ਰਹੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਕਿਰਾਏਦਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਸ਼ਿਕਾਇਤ ਆਪਣੇ ਨੇੜਲੇ ਬਿਜਲੀ ਘਰ ਵਿਚ ਕਰਨ ਤਾਂ ਜੋ ਵਿਭਾਗ ਕੋਲ ਇਸ ਤਰ੍ਹਾਂ ਦੀਆਂ ਲਿਖਤੀ ਸ਼ਿਕਾਇਤਾਂ ਪਹੁੰਚ ਜਾਣ ਅਤੇ ਉਨ੍ਹਾਂ ’ਤੇ ਬਣਦੀ ਕਾਰਵਾਈ ਸ਼ੁਰੂ ਹੋ ਸਕੇ।
ਡਿਪਟੀ ਚੀਫ ਇੰਜ. ਅਤੇ ਸਰਕਲ ਹੈੱਡ ਇੰਦਰਪਾਲ ਸਿੰਘ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਦੀ ਬਿਜਲੀ ਮਿਲ ਰਹੀ ਹੈ ਅਤੇ ਜੇਕਰ ਉਹ ਉਸ ਨੂੰ ਵੇਚ ਰਹੇ ਹਨ ਤਾਂ ਇਹ ਸਰਾਸਰ ਗ਼ਲਤ ਹੈ। ਸਰਕਾਰ ਵੱਲੋਂ ਘਰੇਲੂ ਬਿਜਲੀ ਦੀ ਵਰਤੋਂ ਕਰਨ ਵਾਲੇ ਹਰੇਕ ਖਪਤਕਾਰ ਲਈ ਇਹ ਸਕੀਮ ਲਿਆਂਦੀ ਗਈ ਹੈ, ਜਿਸ ਨੂੰ ਇਹ ਸਕੀਮ ਨਹੀਂ ਮਿਲ ਰਹੀ, ਉਹ ਵਿਭਾਗ ਨਾਲ ਸੰਪਰਕ ਕਰੇ।