ਗੰਨ ਕਲਚਰ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹਨ ਕਿ ਹਥਿਆਰਾਂ ਨੂੰ ਕੋਈ ਪ੍ਰੋਮੋਟ ਨਹੀਂ ਕਰੇਗਾ ਅਤੇ ਇਸ ਨੂੰ ਲੈਕੇ ਪੁਲਿਸ ਲਗਾਤਾਰ ਪਰਚੇ ਵੀ ਦਰਜ ਕਰ ਰਹੀ ਹੈ ਪਰ ਕੀ ਹੋਵੇਗਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਖ਼ੁਦ ਹਥਿਆਰਾਂ ਨਾਲ ਫੋਟੋ ਵਾਇਰਲ ਹੋ ਜਾਵੇ? ਜੀ ਹਾਂ ਤੁਹਾਨੂੰ ਦਸ ਦਈਏ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਖੁਦ ਵੀ ਹਥਿਆਰਾਂ ਨਾਲ ਫੋਟੋ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੋਟੋ ਸ਼ੇਅਰ ਕੀਤੀ ਅਤੇ ਟਵੀਟ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਹੁਣ CM ਮਾਨ ਖਿਲਾਫ਼ ਵੀ ਕੇਸ ਦਰਜ ਹੋਵੇਗਾ?
ਇੰਨਾ ਹੀ ਨਹੀਂ ਹੁਣ ਤਾਂ ਆਪ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀਆਂ ਵੀ ਹਥਿਆਰ ਫੜੇ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਦਰਅਸਲ ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ’ਤੇ ਹੋਈ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਸੀਐਮ ਭਗਵੰਤ ਮਾਨ ਦੀ ਹਥਿਆਰ ਫੜੇ ਹੋਏ ਦੀ ਤਸਵੀਰ ਟਵੀਟ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨਾਲ ਤੰਜ ਕੱਸਦੇ ਹੋਏ ਕੁਝ ਲਾਈਨਾਂ ਵੀ ਲਿਖੀਆਂ ਹਨ। ਬਿਕਰਮ ਮਜੀਠੀਆ ਨੇ CM ਭਗਵੰਤ ਮਾਨ ਦੀ ਬਹੁਤ ਪੁਰਾਣੀ ਤਸਵੀਰ ਟਵੀਟ ਕੀਤੀ ਹੈ। ਤਸਵੀਰ ਵਿੱਚ ਭਗਵੰਤ ਮਾਨ ਦੁਨਾਲੀ ਫੜ ਕੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਟਵੀਟ ‘ਚ ਮਜੀਠੀਆ ਨੇ ਸੀਐਮ ਮਾਨ ‘ਤੇ ਤੰਜ ਕੱਸਦੇ ਹੋਏ ਲਿਖਿਆ ਕਿ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ ਪਰ ਪਰਚੇ ਬੱਚਿਆਂ ‘ਤੇ ਹੋ ਰਹੇ ਹਨ। ਉਨ੍ਹਾਂ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਮਜੀਠਾ ਦੇ ਥਾਣਾ ਕੱਥੂਨੰਗਲ ਵਿਖੇ ਇਕ 10 ਸਾਲਾ ਬੱਚੇ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਤਸਵੀਰ ਪੁਰਾਣੀ ਸੀ ਅਤੇ ਬੱਚਾ ਉਦੋਂ 4 ਸਾਲ ਦਾ ਸੀ। ਇੰਨਾ ਹੀ ਨਹੀਂ ਇਹ ਤਸਵੀਰ ਬੱਚੇ ਨੇ ਆਪਣੇ ਕਿਸੇ ਸੋਸ਼ਲ ਅਕਾਊਂਟ ‘ਤੇ ਨਹੀਂ, ਸਗੋਂ ਉਸ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਸੀ, ਉਹ ਵੀ 6 ਸਾਲ ਪਹਿਲਾਂ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨ ਕਲਚਰ ਨੂੰ ਨੱਥ ਪਾਉਣ ਲਈ 13 ਨਵੰਬਰ ਨੂੰ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਤੇ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।