ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਿੱਖੇ ਸ਼ਬਦੀਂ ਹਮਲਿਆਂ ਦਾ ਦੌਰ ਥਮਦਾ ਨਜ਼ਰ ਨਹੀਂ ਆ ਰਿਹਾ ਹੈ। ਬੀਤੇ ਦਿਨੀ “ਜੋ-ਜੋ ਟੈਕਸ” ਦਾ ਹਿਸਾਬ ਲੈਣ ਦੀ ਗੱਲ ਆਖਣ ਤੋਂ ਬਾਅਦ ਅੱਜ ਸੁਨਾਮ ਵਿਖੇ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀ ਲੈਂਦਿਆਂ ਉਹਨਾਂ ਤੋਂ ਆਜ਼ਾਦੀ ਲੈਣ ਦੀ ਗੱਲ ਆਖੀ। ਸੀ.ਐਮ. ਨੇ ਕਿਹਾ ਕਿ ਅੰਗਰੇਜ਼ਾਂ ਤੋਂ ਭਾਵੇਂ ਸਾਨੂੰ ਆਜ਼ਾਦੀ ਮਿਲ ਗਈ ਹੈ ਪਰ ਆਪਣਿਆਂ ਤੋਂ ਆਜ਼ਾਦੀ ਲੈਣੀ ਅਜੇ ਬਾਕੀ ਹੈ।
ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ‘ਤੇ ਸ਼ਬਦੀ ਹਮਲੇ ਕਰਦੇ ਹੋਏ ਸੀ.ਐਮ. ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਤਾਂ ਸਭ ਤੋਂ ਵੱਡਾ ਡਰਾਮੇਬਾਜ਼ ਹੈ ਉਸਨੂੰ ਤਾਂ ਆਸਕਰ ਐਵਾਰਡ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਮਨਪ੍ਰੀਤ ਬਾਦਲ ਨੇ ਹੀ ਮੈਨੂੰ ਸਿਆਸਤ ਵਿਚ ਲਿਆਉਂਦਾ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਪੰਜਾਬ ਦਾ ਸੁਨੇਹਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਮੈਂ ਤਾਂ ਉਸੇ ਸੁਨੇਹਰ ‘ਤੇ ਹੀ ਖੜ੍ਹਾ ਹਾਂ ਪਰ ਮਨਪ੍ਰੀਤ ਬਾਦਲ ਕਾਂਗਰਸ ਵਿਚ ਅਤੇ ਕਾਂਗਰਸ ਤੋਂ ਭਾਜਪਾ ਵਿਚ ਚਲੇ ਗਏ। ਸਾਰੀ ਕਾਂਗਰਸ ਤਾਂ ਹੁਣ ਭਾਜਪਾ ਵਿਚ ਚਲੀ ਗਈ ਹੈ। ਅਸੀਂ ਤਾਂ ਉਥੇ ਹੀ ਖੜ੍ਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ, ਮੁਗਲਾਂ ਵੇਲੇ ਮੁਗਲਾਂ ਨਾਲ, ਕਾਂਗਰਸ ਵੇਲੇ ਕਾਂਗਰਸ ਨਾਲ, ਭਾਜਪਾ ਵੇਲੇ ਭਾਜਪਾ ਨਾਲ ਹੋ ਜਾਂਦੇ ਹਨ, ਜਦਕਿ ਕਦੇ ਵੀ ਲੋਕਾਂ ਨਾਲ ਨਹੀਂ ਖੜ੍ਹੇ। ਇਸ ਤੋਂ ਵੱਡਾ ਡਰਾਮੇਬਾਜ਼ ਤਾਂ ਕੋਈ ਨਹੀਂ ਹੋ ਸਕਦਾ, ਮਨਪ੍ਰੀਤ ਬਾਦਲ ਨੂੰ ਤਾਂ ਆਸਕਰ ਐਵਾਰਡ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਢ ਸਾਲ ਵਿਚ ਮੈਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਜਦਕਿ ਮਨਪ੍ਰੀਤ ਬਾਦਲ ਇਹੀ ਕਹਿੰਦੇ ਰਹੇ ਹਨ ਖਜ਼ਾਨਾ ਖਾਲੀ। ਮਨਪ੍ਰੀਤ ਬਾਦਲ ‘ਤੇ ਪਰਚਾ ਦਰਜ ਹੋ ਚੁੱਕਾ ਹੈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਹਰ ਇਕ ਕੋਲੋਂ ਹਿਸਾਬ ਲਵਾਂਗਾ।