ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਹਰਭਜਨ ਸਿੰਘ ਨੇ ਮਨੀਪੁਰ ਦੀ ਘਟਨਾ ਤੋਂ ਬਾਅਦ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਹਰਭਜਨ ਨੇ ਇਹ ਗੁੱਸਾ ਮਨੀਪੁਰ ਦੇ ਇਕ ਵੀਡੀਓ ‘ਤੇ ਜ਼ਾਹਰ ਕੀਤਾ ਹੈ, ਜਿਸ ‘ਚ ਦੋ ਔਰਤਾਂ ਨੂੰ ਨੰਗਨ ਕਰਕੇ ਪਰੇਡ ਕਰਦੇ ਦਿਖਾਇਆ ਗਿਆ ਸੀ। ਮਨੀਪੁਰ ਵਿੱਚ ਇਸ ਘਟਨਾ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹਰਭਜਨ ਸਿੰਘ ਨੇ ਟਵੀਟ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਹਰਭਜਨ ਨੇ ਟਵੀਟ ਕਰਕੇ ਕਿਹਾ- ਜੇਕਰ ਮੈਂ ਕਹਾਂ ਕਿ ਮੈਂ ਗੁੱਸੇ ‘ਚ ਹਾਂ ਤਾਂ ਇਹ ਅੰਡਰ-ਸਟੇਟਮੈਂਟ ਹੈ। ਮੈਂ ਗੁੱਸੇ ਨਾਲ ਸੁੰਨ ਹੋ ਗਿਆ ਹਾਂ। ਮਨੀਪੁਰ ਵਿੱਚ ਜੋ ਹੋਇਆ ਉਸ ਤੋਂ ਬਾਅਦ ਮੈਂ ਸ਼ਰਮਿੰਦਾ ਹਾਂ। ਜੇਕਰ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਨਹੀਂ ਲਿਆਂਦਾ ਗਿਆ ਅਤੇ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਸਾਨੂੰ ਆਪਣੇ ਆਪ ਨੂੰ ਇਨਸਾਨ ਕਹਿਣਾ ਛੱਡ ਦੇਣਾ ਚਾਹੀਦਾ ਹੈ। ਇਹ ਮੈਨੂੰ ਪਰੇਸ਼ਾਨ ਕਰਦਾ ਹੈ ਕਿ ਅਜਿਹਾ ਹੋਇਆ ਹੈ। ਬਸ ਬਹੁਤ ਹੋ ਗਿਆ, ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਅੱਗੇ ਲਿਖਦੇ ਹੋਏ ਹਰਭਜਨ ਸਿੰਘ ਨੇ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਹਰਭਜਨ ਸਿੰਘ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਸ ਅਪਰਾਧ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਤਾਂ ਸਾਨੂੰ ਆਪਣੇ ਆਪ ਨੂੰ ਇਨਸਾਨ ਕਹਿਣਾ ਬੰਦ ਕਰ ਦੇਣਾ ਚਾਹੀਦਾ ਹੈ।
ਦਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਭਾਰਤ ‘ਚ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਘਟਨਾਕ੍ਰਮ ‘ਤੇ ਕਈ ਨੇਤਾਵਾਂ ਅਤੇ ਫਿਲਮੀ ਅਦਾਕਾਰਾਂ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸਦੀ ਪੁਰਜ਼ੋਰ ਨਿੰਦਾ ਕੀਤੀ।
ਸੁਪਰੀਮ ਕੋਰਟ ਨੇ ਵੀ ਇਸ ਘਟਨਾ ਤੋਂ ਬਾਅਦ ਮਨੀਪੁਰ ਸਰਕਾਰ ਨੂੰ ਫਟਕਾਰ ਲਗਾਈ ਹੈ। ਮਨੀਪੁਰ ਪੁਲਿਸ ਨੇ ਦੱਸਿਆ ਕਿ ਥੌਬਲ ਜ਼ਿਲ੍ਹੇ ਦੇ ਨੌਂਗਪੋਕ ਸੇਕਮਾਈ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਗਵਾ, ਕਤਲ ਅਤੇ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।