ਸੀਬੀਆਈ ਨੇ ਮਨੀਪੁਰ ਦੀਆਂ ਔਰਤਾਂ ਦੀ ਨਗਨ ਪਰੇਡ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਗੱਲ ਕਹੀ ਸੀ। ਦੱਸ ਦੇਈਏ ਕਿ ਇਹ ਘਟਨਾ 4 ਮਈ ਦੀ ਦੱਸੀ ਜਾ ਰਹੀ ਹੈ। ਘਟਨਾ ਦੇ ਦੋ ਮਹੀਨੇ ਬਾਅਦ 19 ਜੁਲਾਈ ਨੂੰ ਘਟਨਾ ਦਾ ਵੀਡੀਓ ਵਾਇਰਲ ਹੋਇਆ ਸੀ। ਮਨੀਪੁਰ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਕਰੀਬ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਸ ਵੀਡੀਓ ਨੂੰ ਬਣਾਉਣ ਵਾਲੇ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਇਸ ਮਾਮਲੇ ਵਿੱਚ ਸੀਬੀਆਈ, ਮਨੀਪੁਰ ਪੁਲਿਸ ਵਲੋਂ ਹੁਣ ਤੱਕ ਕੀਤੀਆਂ ਕਾਰਵਾਈਆਂ ਦੀ ਵੀ ਜਾਂਚ ਕਰੇਗੀ। ਸੂਤਰਾਂ ਮੁਤਾਬਕ ਇਸ ਵੀਡੀਓ ਨੂੰ ਸ਼ੂਟ ਕਰਨ ਵਾਲੇ ਵਿਅਕਤੀ ਦਾ ਮੋਬਾਈਲ ਫੋਨ ਵੀ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੀਬੀਆਈ ਨੇ ਡੀਓਪੀਟੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਹੈ। ਮਨੀਪੁਰ ਵਿੱਚ ਜੋ ਐਫਆਈਆਰ ਦਰਜ ਕੀਤੀ ਗਈ ਸੀ ਉਸਨੂੰ ਸੀਬੀਆਈ ਨੇ ਅਧਿਕਾਰਤ ਤੌਰ ’ਤੇ ਰਜਿਸਟਰਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਬੀਆਈ ਨੇ ਆਈਪੀਸੀ ਦੀਆਂ ਧਾਰਾਵਾਂ 153ਏ, 398, 427, 436, 448, 302, 354, 364, 326, 376, 34 ਆਈਪੀਸੀ ਅਤੇ 25 (1-ਸੀ) ਏ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੀਬੀਆਈ ਪਹਿਲਾਂ ਹੀ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਸੀ। ਉਸ ਮਾਮਲੇ ਵਿੱਚ ਸੀਬੀਆਈ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਦੱਸ ਦੇਈਏ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਇੱਕ ਵਫ਼ਦ 29-30 ਜੁਲਾਈ ਨੂੰ ਮਨੀਪੁਰ ਦੇ ਦੌਰੇ ‘ਤੇ ਹੈ। ਵਫ਼ਦ ਵਿੱਚ ਕਾਂਗਰਸ ਦੇ ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ ਅਤੇ ਫੁੱਲੋਦੇਵੀ ਨੇਤਾਮ, ਜਨਤਾ ਦਲ (ਯੂਨਾਈਟਿਡ) ਦੇ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਅਤੇ ਅਨਿਲ ਹੇਗੜੇ, ਤ੍ਰਿਣਮੂਲ ਕਾਂਗਰਸ ਦੀ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ ਦੇ ਮਹੂਆ ਮਾਜੀ, ਦ੍ਰਮੁਕ ਦੀ ਕਨੀਮੋਈ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪੀਪੀ ਮੁਹੰਮਦ ਫੈਜਲ, ਰਾਸ਼ਟਰੀ ਲੋਕ ਦਲ ਦੇ ਜਯੰਤ ਚੌਧਰੀ, ਰਾਸ਼ਟਰੀ ਜਨਤਾ ਦਲ ਦੇ ਮਨੋਜ ਕੁਮਾਰ ਝਾਅ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨਕੇ ਪ੍ਰੇਮਚੰਦਰਨ ਅਤੇ ਵੀਸੀਕੇ ਪਾਰਟੀ ਦੇ ਟੀ ਥਿਰੁਮਾਵਲਵਨ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ, ਭਾਕਪਾ ਦੇ ਸੰਦੋਸ਼ ਕੁਮਾਰ, ਮਾਕਪਾ ਦੇ ਏਏ ਰਹੀਮ, ਸਮਾਜਵਾਦੀ ਪਾਰਟੀ ਦੇ ਜੋਵਦ ਅਲੀ ਖਾਨ, ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ, ਦ੍ਰਮੁਕ ਦੇ ਡੀ ਰਵੀ ਕੁਮਾਰ ਅਤੇ ਆਈਯੂਐਮਐਲ ਦੇ ਈਟੀ ਮੁਹੰਮਦ ਬਸ਼ੀਰ ਵੀ ਵਫ਼ਦ ਦਾ ਹਿੱਸਾ ਹਨ।