ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਨੀਪੁਰ ‘ਚ 2 ਔਰਤਾਂ ਨਾਲ ਹੋਈ ਹੈਵਾਨੀਅਤ ਦੀ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਜੋ ਕੁਝ ਵਾਪਰਿਆ ਹੈ ਉਹ ਬਹੁਤ ਸ਼ਰਮਨਾਕ ਹੈ। ਇਹ ਪੂਰੇ ਦੇਸ਼ ਨੂੰ ਸ਼ਰਮਸਾਰ ਕਰਨ ਸਮਾਨ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਸਾਰੇ ਮੁੱਖ ਮੰਤਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਰਾਜ ਦੀਆਂ ਮਾਵਾਂ-ਧੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਚੌਕਸ ਰਹੇ ਹਨ। ਇਸ ਘਟਨਾ ਦੇ ਸਬੰਧ ਵਿੱਚ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮਨੀਪੁਰ ਦੀ ਘਟਨਾ ਵਿੱਚ ਜੋ ਵੀ ਦੋਸ਼ੀ ਹਨ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਮਨੀਪੁਰ ਵਿੱਚ ਔਰਤਾਂ ਨਾਲ ਜੋ ਹੋਇਆ ਉਹ ਕਿਸੇ ਵੀ ਸੱਭਿਅਕ ਸਮਾਜ ਲਈ ਠੀਕ ਨਹੀਂ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ, ਕਿਸੇ ਵੀ ਰਾਜ ਸਰਕਾਰ ਵਿੱਚ, ਰਾਜਨੀਤੀ ਅਤੇ ਵਾਦ-ਵਿਵਾਦ ਤੋਂ ਉੱਪਰ ਉੱਠ ਕੇ, ਕਾਨੂੰਨ ਵਿਵਸਥਾ ਅਤੇ ਔਰਤਾਂ ਦੇ ਸਨਮਾਨ ਦੀ ਮਹੱਤਤਾ ਹੈ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਆਪਣੀ ਪੂਰੀ ਤਾਕਤ ਅਤੇ ਸਖ਼ਤੀ ਨਾਲ ਇੱਕ ਤੋਂ ਬਾਅਦ ਇੱਕ ਕਦਮ ਚੁੱਕੇਗਾ। ਮਨੀਪੁਰ ਦੀਆਂ ਇਨ੍ਹਾਂ ਧੀਆਂ ਨਾਲ ਜੋ ਹੋਇਆ ਹੈ, ਉਸ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਘਟਨਾ ਹੈ। ਦੋਸ਼ੀ ਕਿੰਨੇ ਅਤੇ ਕੌਣ ਹਨ, ਉਹ ਆਪਣੀ ਥਾਂ ‘ਤੇ ਹਨ ਪਰ ਅਪਮਾਨ ਪੂਰੇ ਦੇਸ਼ ਦਾ ਹੋ ਰਿਹਾ ਹੈ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ। ਸਾਡੀਆਂ ਮਾਵਾਂ-ਭੈਣਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣ।
ਦਸ ਦੇਈਏ ਕਿ ਮਨੀਪੁਰ ਵਿਚ ਬੁੱਧਵਾਰ ਨੂੰ 2 ਔਰਤਾਂ ਕੋਲੋਂ ਨਗਨ ਪਰੇਡ ਕਰਾਉਣ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਸੂਬੇ ਦੇ ਪਹਾੜੀ ਖੇਤਰ ਵਿਚ ਤਣਾਅ ਪੈਦਾ ਹੋ ਗਿਆ। 4 ਮਈ ਦੀ ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਹੋਰ ਪੱਖ ਦੇ ਕੁਝ ਲੋਕ ਇਕ ਭਾਈਚਾਰੇ ਦੀਆਂ 2 ਔਰਤਾਂ ਨੂੰ ਨਗਨ ਕਰਕੇ ਪਰੇਡ ਕਰਵਾ ਰਹੇ ਹਨ। ਪੁਰਸ਼ ਬੇਸਹਾਰਾ ਔਰਤਾਂ ਨਾਲ ਲਗਾਤਾਰ ਛੇੜਛਾੜ ਕਰ ਰਹੇ ਹਨ ਅਤੇ ਉਹ ਔਰਤਾਂ ਉਨ੍ਹਾਂ ਅੱਗੇ ਮਿੰਨਤਾਂ ਕਰ ਰਹੀਆਂ ਹਨ। ਫਿਲਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।