ਮਨੀਪੁਰ ‘ਚ 2 ਔਰਤਾਂ ਨੂੰ ਨੰਗਨ ਕਰਕੇ ਪਰੇਡ ਕਰਨ ਦੇ ਮਾਮਲੇ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਹ ਮੁੱਦਾ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਰੋਸ ਪ੍ਰਗਟ ਕਰਦੇ ਹੋਏ ਸਖ਼ਤ ਨਿੰਦਾ ਜਤਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸ ‘ਤੇ ਪ੍ਰਤੀਕਰਮ ਸਾਹਮਣੇ ਆਇਆ ਹੈ। ਉਹਨਾਂ ਟਵੀਟ ਜਾਰੀ ਕਰਦੇ ਹੋਏ ਲਿਖਿਆ,”ਮਨੀਪੁਰ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ ਅਤੇ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਤਰ੍ਹਾਂ ਦੀ ਘਟਨਾ ਨੂੰ ਸਾਡੇ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਮਨੀਪੁਰ ਦੇ ਹਾਲਾਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਟਵਿੱਟਰ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ 2 ਮਨੀਪੁਰੀ ਔਰਤਾਂ ਦੀ ਨਗਨ ਪਰੇਡ ਦੀ ਵਾਇਰਲ ਵੀਡੀਓ ਨੂੰ ਸਾਂਝਾ ਨਾ ਕਰਨ ਦੀ ਹਦਾਇਤ ਵੀ ਦਿੱਤੀ ਹੈ। ਇਸ ਤੋਂ ਇਲਾਵਾ ਮਨੀਪੁਰ ਦੇ ਮੁੱਖ ਮੰਤਰੀ ਐਨ. ਬਰੇਨ ਸਿੰਘ ਨੇ ਵੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮਨੀਪੁਰ ਪੁਲਿਸ ਵੀ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਜਲਦੀ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ। ਅਧਿਕਾਰੀ ਮੁਤਾਬਕ ਪੀੜਤ ਔਰਤਾਂ ਨੇ ਘਟਨਾ ਦੇ 15 ਦਿਨਾਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਹੁਣ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ।
ਉਥੇ ਹੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਬੁੱਧਵਾਰ ਨੂੰ ਮਨੀਪੁਰ ਦੇ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ, “ਮਨੀਪੁਰ ਵਿੱਚ 2 ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਭਿਆਨਕ ਵੀਡੀਓ ਨਿੰਦਣਯੋਗ ਅਤੇ ਸਰਾਸਰ ਅਣਮਨੁੱਖੀ ਹੈ। ਸੀਐਮ ਐਨ ਬੀਰੇਨ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਜਾਂਚ ਅਜੇ ਚੱਲ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”