ਉੱਤਰ-ਪੂਰਬੀ ਰਾਜ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਹਿੰਸਾ ਵਿਚਕਾਰ ਮਨੀਪੁਰ ਵਿੱਚ ਐਨ ਬੀਰੇਨ ਸਿੰਘ ਸਰਕਾਰ ਦੇ ਇੱਕ ਸਹਿਯੋਗੀ ਦਲ ਨੇ ਰਾਜ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੁਕੀ ਪੀਪਲਜ਼ ਅਲਾਇੰਸ, ਜਿਸ ਦੇ ਦੋ ਵਿਧਾਇਕ ਹਨ, ਨੇ ਰਾਜਪਾਲ ਅਨੁਸੂਈਆ ਉਈਕੇ ਨੂੰ ਲਿਖੇ ਪੱਤਰ ਵਿੱਚ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਕਦਮ ਨਾਲ ਮੁੱਖ ਮੰਤਰੀ ਬੀਰੇਨ ਸਿੰਘ ਦੀ ਸਰਕਾਰ ਨੂੰ ਕੋਈ ਖਤਰਾ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੈ।
ਰਾਜਪਾਲ ਨੂੰ ਲਿਖੇ ਇੱਕ ਪੱਤਰ ਵਿੱਚ, ਕੇਪੀਏ ਦੇ ਮੁਖੀ ਟੋਂਗਮਾਂਗ ਹਾਓਕਿਪ ਨੇ ਕਿਹਾ ਹੈ ਕਿ ਮੌਜੂਦਾ ਸੰਘਰਸ਼ ਨੂੰ ਧਿਆਨ ਨਾਲ ਵਿਚਾਰਨ ਤੋਂ ਬਾਅਦ, ਮੁੱਖ ਮੰਤਰੀ ਐਨ ਬੀਰੇਨ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਮਨੀਪੁਰ ਸਰਕਾਰ ਨੂੰ ਉਨ੍ਹਾਂ ਦੀ ਪਾਰਟੀ ਦੀ ਤਰਫੋ ਦਿੱਤਾ ਜਾ ਰਿਹਾ ਸਮਰਥਨ ਖਤਮ ਹੁੰਦਾ ਹੈ। ਕੇਪੀਏ, ਮਨੀਪੁਰ ਸਰਕਾਰ ਤੋਂ ਸਮਰਥਨ ਵਾਪਸ ਲੈਂਦੀ ਹੈ। ਦੱਸ ਦਈਏ ਕਿ ਮਨੀਪੁਰ ‘ਚ ਚੱਲ ਰਹੀ ਹਿੰਸਾ ਕਾਰਨ ਐੱਨ ਬੀਰੇਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਦੇਸ਼ ਭਰ ‘ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।