ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਵੀਰਵਾਰ ਨੂੰ ਇੱਕ ਆਦੀਵਾਸੀ ਔਰਤ ਨੂੰ ਉਸਦੇ ਪਤੀ ਨੇ ਪਿੰਡ ਵਿੱਚ ਕਥਿਤ ਤੌਰ ‘ਤੇ ਕੁੱਟਿਆ, ਉਸਨੂੰ ਨਗਨ ਕੀਤਾ ਅਤੇ ਫਿਰ ਨਗਨ ਕਰਕੇ ਪਿੰਡ ਵਿਚ ਘੁੰਮਾਇਆ। ਘਟਨਾ ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ (ਕਥਿਤ ਤੌਰ ‘ਤੇ ਪਤੀ) ਇੱਕ 21 ਸਾਲਾ ਔਰਤ ਨੂੰ ਉਸਦੇ ਘਰ ਦੇ ਬਾਹਰ ਨਗਨ ਕਰ ਰਿਹਾ ਹੈ ਜਦੋਂ ਉਹ ਮਦਦ ਲਈ ਚੀਕ ਰਹੀ ਹੈ। ਔਰਤ ਗਰਭਵਤੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਔਰਤ ਦੇ ਕਥਿਤ ਤੌਰ ‘ਤੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਸਨ, ਜਿਸ ਕਾਰਨ ਇਹ ਪਤੀ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੇਰ ਰਾਤ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ, ”ਪ੍ਰਤਾਪਗੜ੍ਹ ਜ਼ਿਲੇ ‘ਚ ਸਹੁਰਿਆਂ ਨਾਲ ਪਰਿਵਾਰਕ ਝਗੜੇ ਕਾਰਨ ਇਕ ਔਰਤ ਨੂੰ ਉਸ ਦੇ ਸਹੁਰਿਆਂ ਵੱਲੋਂ ਨੰਗਨ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਏਡੀਜੀ ਕ੍ਰਾਈਮ ਨੂੰ ਮੌਕੇ ‘ਤੇ ਭੇਜ ਕੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੱਭਿਅਕ ਸਮਾਜ ਵਿੱਚ ਅਜਿਹੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਡੱਕਿਆ ਜਾਵੇਗਾ ਅਤੇ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਸਜ਼ਾ ਸੁਣਾਈ ਜਾਵੇਗੀ।”
ਉਥੇ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਰਾਜਸਥਾਨ ‘ਚ ਵਾਪਰੀ ਸ਼ਰਮਨਾਕ ਘਟਨਾ ਨੂੰ ਲੈ ਕੇ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਪ੍ਰਤਾਪਗੜ੍ਹ ਦੀ ਵੀਡੀਓ ਹੈਰਾਨ ਕਰਨ ਵਾਲੀ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਰਾਜਸਥਾਨ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਗੈਰਹਾਜ਼ਰ ਹੈ। ਮੁੱਖ ਮੰਤਰੀ ਅਤੇ ਮੰਤਰੀ ਧੜੇਬੰਦੀਆਂ ਨੂੰ ਸੁਲਝਾਉਣ ਵਿੱਚ ਰੁੱਝੇ ਹੋਏ ਹਨ ਅਤੇ ਬਾਕੀ ਸਮਾਂ ਦਿੱਲੀ ਵਿੱਚ ਇੱਕ ਖਾਨਦਾਨ ਨੂੰ ਖੁਸ਼ ਕਰਨ ਵਿੱਚ ਬਤੀਤ ਕਰ ਰਹੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਰ ਰੋਜ਼ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰਾਜਸਥਾਨ ਦੇ ਲੋਕ ਸੂਬਾ ਸਰਕਾਰ ਨੂੰ ਸਬਕ ਸਿਖਾਉਣਗੇ।
ਇਹ ਵੀ ਜਾਣਕਾਰੀ ਮਿਲੀ ਰਾਜਸਥਾਨ ਦੇ ਪ੍ਰਤਾਪਗੜ੍ਹ ਕਾਂਡ ਦੇ ਸਬੰਧ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਪਿੱਛਾ ਕਰਨ ’ਤੇ ਮੁਲਜ਼ਮ ਭੱਜਣ ਦੀ ਕੋਸ਼ਿਸ਼ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਵਾਪਰੀ ਦਰਦਨਾਕ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਦੋ ਦਿਨ ਪਹਿਲਾਂ ਘਟਨਾ ਵਾਪਰਨ ਦੇ ਬਾਵਜੂਦ ਪੁਲਿਸ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। NCW ਦੀ ਮੁਖੀ ਰੇਖਾ ਸ਼ਰਮਾ ਨੇ ਰਾਜ ਦੇ ਡੀਜੀਪੀ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਆਈਪੀਸੀ ਦੀਆਂ ਲੋੜੀਂਦੀਆਂ ਧਾਰਾਵਾਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ 5 ਦਿਨਾਂ ਦੇ ਅੰਦਰ ਇੱਕ ਵਿਆਪਕ ਰਿਪੋਰਟ ਦੀ ਵੀ ਮੰਗ ਕੀਤੀ ਹੈ।