ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਰਿਹਾ। ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਕੁੱਲ 19 ਮਿੰਟ ਤੱਕ ਚੱਲੀ, ਫਿਰ ਇਸਨੂੰ 24 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਸਦਨ ‘ਚ ਇਕ ਵਾਰ ਫਿਰ ਮਨੀਪੁਰ ‘ਤੇ ਹੰਗਾਮਾ ਹੁੰਦਾ ਹੋਇਆ ਵਿਖਾਈ ਦਿੱਤਾ। ਰਾਜਨਾਥ ਸਿੰਘ ਨੇ ਕਿਹਾ ਕਿ ਮਨੀਪੁਰ ਦੀ ਘਟਨਾ ਨਿਸ਼ਚਿਤ ਤੌਰ ‘ਤੇ ਬਹੁਤ ਗੰਭੀਰ ਹੈ ਤੇ ਹਾਲਾਤ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਹੈ ਕਿ ਮਨੀਪੁਰ ‘ਚ ਜੋ ਹੋਇਆ, ਉਸ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਰਾਜਨਾਥ ਨੇ ਕਿਹਾ ਕਿ ਇਸ ਘਟਨਾ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਸੰਸਦ ‘ਚ ਮਨੀਪੁਰ ‘ਤੇ ਚਰਚਾ ਕਰਨੀ ਚਾਹੁੰਦੇ ਹਾਂ। ਮੈਂ ਇਹ ਗੱਲ ਸਰਬ-ਪਾਰਟੀ ਮੀਟਿੰਗ ਵਿਚ ਕਹੀ ਸੀ ਅਤੇ ਇਸ ਨੂੰ ਸੰਸਦ ਵਿਚ ਦੁਹਰਾਉਂਦਾ ਹਾਂ ਕਿ ਅਸੀਂ ਸਦਨ ਵਿਚ ਮਨੀਪੁਰ ਉੱਤੇ ਚਰਚਾ ਚਾਹੁੰਦੇ ਹਾਂ। ਮੈਂ ਦੇਖ ਰਿਹਾ ਹਾਂ ਕਿ ਕੁਝ ਸਿਆਸੀ ਪਾਰਟੀਆਂ ਹਨ ਜੋ ਬੇਲੋੜੇ ਤੌਰ ‘ਤੇ ਇੱਥੇ ਅਜਿਹੀ ਸਥਿਤੀ ਪੈਦਾ ਕਰਨਾ ਚਾਹੁੰਦੀਆਂ ਹਨ ਤਾਂ ਜੋ ਮਨੀਪੁਰ ਦੀ ਚਰਚਾ ਨਾ ਹੋ ਸਕੇ। ਮੈਂ ਸਪੱਸ਼ਟ ਤੌਰ ‘ਤੇ ਦੋਸ਼ ਲਗਾ ਰਿਹਾ ਹਾਂ ਕਿ ਵਿਰੋਧੀ ਧਿਰ ਮਨੀਪੁਰ ‘ਤੇ ਓਨੀ ਗੰਭੀਰ ਨਹੀਂ ਹੈ ਜਿੰਨੀ ਉਨ੍ਹਾਂ ਨੂੰ ਹੋਣੀ ਚਾਹੀਦਾ ਸੀ। ਇਸ ਦੌਰਾਨ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰੋਹਿਲਾਦ ਜੋਸ਼ੀ ਨੇ ਵੀ ਕਿਹਾ ਕਿ ਵਿਰੋਧੀਆਂ ਨੇ ਮੰਗ ਰੱਖੀ ਸੀ ਕਿ ਮਨੀਪੁਰ ਹਿੰਸਾ ‘ਤੇ ਚਰਚਾ ਹੋਵੇ। ਉਹਨਾਂ ਕਿਹਾ ਕਿ ਸਰਕਾਰ ਚਰਚਾ ਲਈ ਤਿਆਰ ਅਤੇ ਵਿਰੋਧੀ ਸਹੀ ਢੰਗ ਨਾਲ ਚਰਚਾ ਕਰਨ।
ਇਸ ਦੇ ਨਾਲ ਹੀ ਰਾਜ ਸਭਾ ਦੀ ਕਾਰਵਾਈ ਕੁੱਲ 18 ਮਿੰਟ ਤੱਕ ਚੱਲੀ, ਫਿਰ ਇਸ ਨੂੰ ਵੀ 24 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਮਨੀਪੁਰ ਹਿੰਸਾ ‘ਤੇ ਸੰਸਦ ਦੇ ਦੋਵਾਂ ਸਦਨਾਂ ‘ਚ ਚਰਚਾ ਲਈ ਨੋਟਿਸ ਦਿੱਤੇ ਹਨ। ਵਿਰੋਧੀ ਪਾਰਟੀਆਂ ਨੇ ਲੋਕ ਸਭਾ ਵਿੱਚ ਨਿਯਮ 193 ਅਤੇ ਰਾਜ ਸਭਾ ਵਿੱਚ ਨਿਯਮ 176 ਅਤੇ ਨਿਯਮ 267 ਤਹਿਤ ਨੋਟਿਸ ਦਿੱਤੇ ਹਨ। ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਮਾਨਿਕਮ ਟੈਗੋਰ ਅਤੇ ਰਾਜ ਸਭਾ ਵਿੱਚ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਕੁਮਾਰ ਝਾਅ ਸਮੇਤ ਕਈ ਸੰਸਦ ਮੈਂਬਰਾਂ ਨੇ ਮਨੀਪੁਰ ਹਿੰਸਾ ‘ਤੇ ਚਰਚਾ ਦੀ ਮੰਗ ਕਰਦੇ ਨੋਟਿਸ ਦਿੱਤੇ।
ਦਸ ਦਈਏ ਕਿ ਮਾਨਸੂਨ ਸੈਸ਼ਨ 11 ਅਗਸਤ ਤੱਕ ਚੱਲੇਗਾ। ਇਸ ਦੌਰਾਨ 17 ਮੀਟਿੰਗਾਂ ਹੋਣਗੀਆਂ। ਕੇਂਦਰ ਸਰਕਾਰ ਮਾਨਸੂਨ ਸੈਸ਼ਨ ਵਿੱਚ 31 ਬਿੱਲ ਲਿਆ ਰਹੀ ਹੈ। ਇਨ੍ਹਾਂ ‘ਚੋਂ 21 ਨਵੇਂ ਬਿੱਲ ਹਨ, ਜਦਕਿ 10 ਬਿੱਲ ਪਹਿਲਾਂ ਹੀ ਸੰਸਦ ‘ਚ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ‘ਤੇ ਚਰਚਾ ਕੀਤੀ ਜਾਵੇਗੀ। ਦਿੱਲੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਨਾਲ ਸਬੰਧਤ ਆਰਡੀਨੈਂਸ ਸਭ ਤੋਂ ਵੱਧ ਚਰਚਾ ਵਿੱਚ ਹੈ।