ਮਨੀਪੁਰ ਵਿੱਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਮਨੀਪੁਰ ਵਾਸੀਆਂ ਨੂੰ ਸ਼ਾਂਤੀ ਦੀ ਭਾਵਨਾਤਮਕ ਅਪੀਲ ਕੀਤੀ ਅਤੇ ਕਿਹਾ ਕਿ ਰਾਜ ਵਿੱਚ ਇਸ ਹਿੰਸਾ ਨੇ ਦੇਸ਼ ਦੀ ਆਤਮਾ ਨੂੰ ਡੂੰਘੀ ਸੱਟ ਮਾਰੀ ਹੈ। ਦਸ ਦਈਏ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਾਂਗਰਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭਾਜਪਾ ਸ਼ਾਸਿਤ ਸੂਬੇ ‘ਚ ਹਿੰਸਾ ਨੂੰ ਲੈ ਕੇ ਚੁੱਪੀ ‘ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਨ੍ਹਾਂ ਸਾਰਿਆਂ ਪ੍ਰਤੀ ਡੂੰਘੀ ਹਮਦਰਦੀ ਹੈ, ਜਿਨ੍ਹਾਂ ਨੇ ਇਸ ਹਿੰਸਾ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ। ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਲੋਕ ਉਸ ਥਾਂ ਨੂੰ ਛੱਡਣ ਲਈ ਮਜਬੂਰ ਹਨ ਜਿਸ ਨੂੰ ਉਹ ਘਰ ਕਹਿੰਦੇ ਹਨ।
ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਅਤੇ ਆਸ ਪ੍ਰਗਟਾਈ ਕਿ ਮਨੀਪੁਰ ਦੇ ਲੋਕ ਇਸ ਦੁਖਾਂਤ ਤੋਂ ਉਭਰਨਗੇ। ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਮਨੀਪੁਰ ਦੇ ਪਿਆਰੇ ਭਰਾਵੋ ਅਤੇ ਭੈਣੋ, ਪਿਛਲੇ ਲਗਭਗ 50 ਦਿਨਾਂ ਤੋਂ ਅਸੀਂ ਮਨੀਪੁਰ ਵਿੱਚ ਇੱਕ ਵੱਡੀ ਮਨੁੱਖੀ ਤ੍ਰਾਸਦੀ ਦੇ ਗਵਾਹ ਹਾਂ। ਇਸ ਹਿੰਸਾ ਨੇ ਤੁਹਾਡੇ ਰਾਜ ਦੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਇੱਕ ਮੋੜ ‘ਤੇ ਖੜ੍ਹੇ ਹਾਂ। ਅਸੀਂ ਜੋ ਵੀ ਰਾਹ ਚੁਣਦੇ ਹਾਂ, ਉਹ ਭਵਿੱਖ ਨੂੰ ਆਕਾਰ ਦੇਵੇਗਾ ਜੋ ਸਾਡੇ ਬੱਚਿਆਂ ਨੂੰ ਵਿਰਾਸਤ ਵਿੱਚ ਮਿਲੇਗਾ। ਮੈਂ ਮਨੀਪੁਰ ਦੇ ਲੋਕਾਂ ਨੂੰ, ਖਾਸ ਤੌਰ ‘ਤੇ ਮੇਰੀਆਂ ਬਹਾਦਰ ਭੈਣਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਦੀ ਇਸ ਖੂਬਸੂਰਤ ਧਰਤੀ ‘ਤੇ ਅਗਵਾਈ ਕਰਨ ਦੀ ਅਪੀਲ ਕਰਦੀ ਹਾਂ। ਮਾਂ ਹੋਣ ਦੇ ਨਾਤੇ ਮੈਂ ਤੁਹਾਡੇ ਦਰਦ ਨੂੰ ਸਮਝਦੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੀ ਅੰਦਰਲੀ ਆਵਾਜ਼ ਨੂੰ ਪਛਾਣੋ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਸੀ ਵਿਸ਼ਵਾਸ ਨੂੰ ਮਜ਼ਬੂਤੀ ਨਾਲ ਦੁਬਾਰਾ ਬਣਾਵਾਂਗੇ। ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ ਮੈਨੂੰ ਮਨੀਪੁਰ ਦੇ ਲੋਕਾਂ ਤੋਂ ਬਹੁਤ ਉਮੀਦਾਂ ਹਨ ਅਤੇ ਉਨ੍ਹਾਂ ‘ਤੇ ਬਹੁਤ ਭਰੋਸਾ ਹੈ। ਮੈਂ ਜਾਣਦੀ ਹਾਂ ਕਿ ਅਸੀਂ ਮਿਲ ਕੇ ਇਸ ਪਰੀਖਿਆ ਦੇ ਸਮੇਂ ਨੂੰ ਪਾਰ ਕਰ ਲਵਾਂਗੇ।
ਦਸਣਯੋਗ ਹੈ ਕਿ ਮਣੀਪੁਰ ਵਿੱਚ ਦੋ ਭਾਈਚਾਰਿਆਂ ਦਰਮਿਆਨ ਇੱਕ ਮਹੀਨਾ ਪਹਿਲਾਂ ਹੋਈ ਹਿੰਸਾ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਅਨੁਸੂਚਿਤ ਜਨਜਾਤੀ (ਐਸਟੀ) ਦਾ ਦਰਜਾ ਦੇਣ ਮੇਈਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿੱਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ ਆਦਿਵਾਸੀ ਇਕਜੁੱਟਤਾ ਮਾਰਚ ਕੱਢੇ ਜਾਣ ਤੋਂ ਬਾਅਦ ਹਿੰਸਕ ਝੜਪਾਂ ਹੋਈਆਂ ਸਨ।