ਨੋਇਡਾ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਸੁਪਰਟੈਕ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਪਰਟੈਕ ਦੇ ਪ੍ਰਮੋਟਰ ਆਰ ਕੇ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ‘ਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਖਰੀਦਦਾਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਆਰ ਕੇ ਅਰੋੜਾ ਖਿਲਾਫ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਰਾਜਾਂ ‘ਚ 20 ਤੋਂ ਵੱਧ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਖਰੀਦਦਾਰਾਂ ਨੇ ਦੋਸ਼ ਲਗਾਇਆ ਸੀ ਕਿ ਸੁਪਰਟੈਕ ਕੰਪਨੀ ਅਤੇ ਇਸਦੇ ਨਿਰਦੇਸ਼ਕ ਉਨ੍ਹਾਂ ਦੇ ਰੀਅਲ ਅਸਟੇਟ ਪ੍ਰੋਜੈਕਟ ਵਿੱਚ ਬੁੱਕ ਕੀਤੇ ਗਏ ਫਲੈਟਾਂ ਦੇ ਬਦਲੇ ਸੰਭਾਵੀ ਖਰੀਦਦਾਰਾਂ ਤੋਂ ਐਡਵਾਂਸ ਵਜੋਂ ਪੈਸੇ ਲੈ ਕੇ ਉਹਨਾਂ ਨੂੰ ਧੋਖਾ ਦੇਣ ਦੀ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਸਨ। ਈਡੀ ਨੇ ਕਿਹਾ ਸੀ ਕਿ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੁਪਰਟੈਕ ਕੰਪਨੀ ਨੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ। ਈਡੀ ਨੇ ਮੰਗਲਵਾਰ ਨੂੰ ਆਰਕੇ ਅਰੋੜਾ ਤੋਂ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ‘ਚ ਈਡੀ ਦੀ ਤਸੱਲੀ ਨਾ ਹੋਣ ‘ਤੇ ਉਸ ਨੂੰ ਸ਼ਾਮ ਸਾਢੇ ਸੱਤ ਵਜੇ ਗ੍ਰਿਫਤਾਰ ਕਰ ਲਿਆ ਗਿਆ। ਈਡੀ ਮੁਤਾਬਕ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ। ਇਹ ਵੀ ਪਤਾ ਲੱਗਿਆ ਕਿ ਅੱਜ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦਸ ਦਈਏ ਕਿ ਆਰ ਕੇ ਅਰੋੜਾ ਬਿਲਡਰਾਂ ਦੀ ਸੰਸਥਾ NEREDCO ਦੇ ਚੇਅਰਮੈਨ ਵੀ ਸਨ। ਈਡੀ ਨੇ ਦੋਸ਼ ਲਾਇਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਪਰਟੈਕ ਲਿਮਟਿਡ ਅਤੇ ਇਸ ਦੀਆਂ ਸਮੂਹ ਕੰਪਨੀਆਂ ਨੇ ਘਰ ਖਰੀਦਦਾਰਾਂ ਤੋਂ ਪੈਸੇ ਇਕੱਠੇ ਕੀਤੇ ਅਤੇ ਪ੍ਰੋਜੈਕਟਾਂ/ਫਲੈਟਾਂ ਲਈ ਬੈਂਕਾਂ/ਵਿੱਤੀ ਸੰਸਥਾਵਾਂ ਤੋਂ ਟਰਮ ਲੋਨ ਹਾਸਲ ਕੀਤਾ । ਪਰ ਲੋਕਾਂ ਦਾ ਪੈਸਾ ਗਰੁੱਪ ਦੀਆਂ ਹੋਰ ਕੰਪਨੀਆਂ ਦੇ ਨਾਂ ‘ਤੇ ਜ਼ਮੀਨ ਖਰੀਦਣ ਲਈ ਵਰਤਿਆ ਗਿਆ। ਬਾਅਦ ਵਿੱਚ ਉਹਨਾਂ ਜ਼ਮੀਨਾਂ ਨੂੰ ਫਿਰ ਤੋਂ ਕਰਜ਼ਾ ਲੈਣ ਲਈ ਅਸਥਾਈ ਤੌਰ ‘ਤੇ ਗਿਰਵੀ ਰੱਖ ਦਿੱਤਾ ਗਿਆ । ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਪ੍ਰੈਲ ‘ਚ ਕਿਹਾ ਸੀ ਕਿ ਮਨੀ ਲਾਂਡਰਿੰਗ ਕਾਨੂੰਨ ਤਹਿਤ ਸੁਪਰਟੈਕ ਦੀ 40 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਤੇ ਉਸ ਦੇ ਨਿਰਦੇਸ਼ਕਾਂ ਨੂੰ ਕੁਰਕ ਕੀਤਾ ਗਿਆ ਹੈ।