ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡਾ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ ਹੈ। ਐਨਸੀਪੀ ਨੇਤਾ ਅਜੀਤ ਪਵਾਰ ਆਪਣੇ ਚਾਚਾ ਸ਼ਰਦ ਪਵਾਰ ਦੀ ਪਾਰਟੀ ਤੋਂ ਵੱਖ ਹੋ ਗਏ ਅਤੇ 29 ਵਿਧਾਇਕਾਂ ਨਾਲ ਏਕਨਾਥ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ। ਏਕਨਾਥ ਸ਼ਿੰਦੇ ਦੀ NDA ਸਰਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ ਅਜੀਤ ਪਵਾਰ ਨੂੰ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ ਅਤੇ ਉਹਨਾਂ ਨੇ ਰਾਜਪਾਲ ਦੀ ਮੌਜੂਦਗੀ ਵਿਚ ਸਹੁੰ ਵੀ ਚੁੱਕ ਲਈ ਹੈ। NCP ਨੇਤਾ ਸ਼ਰਦ ਪਵਾਰ ਨੇ ਪਾਰਟੀ ‘ਚ ਫੁੱਟ ਤੋਂ ਬਾਅਦ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ‘ਤੇ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨੂੰ ਫਿਰ ਖੜ੍ਹਾ ਕਰਕੇ ਦਿਖਾਵਾਂਗਾ।
ਉਥੇ ਹੀ ਊਧਵ ਠਾਕਰੇ ਧੜੇ ਦੇ ਨੇਤਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਇਹ ਬਦਲਾਅ ਨਹੀਂ ਸਗੋਂ ਬਦਲੇ ਦਾ ਸਮਾਂ ਹੈ। ਕੀ ਤੁਸੀਂ ਏਕਨਾਥ ਸ਼ਿੰਦੇ ਦਾ ਚਿਹਰਾ ਦੇਖਿਆ ਹੈ? ਅਜੀਤ ਪਵਾਰ ਦੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਦਾ ਮਤਲਬ ਹੈ ਕਿ ਏਕਨਾਥ ਸ਼ਿੰਦੇ ਦੀ ਛੁੱਟੀ ਹੋ ਰਹੀ ਹੈ। ਏਕਨਾਥ ਸ਼ਿੰਦੇ ਹੁਣ ਮੁੱਖ ਮੰਤਰੀ ਨਹੀਂ ਰਹਿਣਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਵਿੱਚ ਫੁੱਟ ਤੋਂ ਬਾਅਦ, ਕਾਂਗਰਸ ਸੰਸਦੀ ਪਾਰਟੀ (ਸੀਪੀਪੀ) ਦੀ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਫੋਨ ‘ਤੇ ਗੱਲ ਕੀਤੀ ਅਤੇ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਕੀਤਾ।