ਮਹਿੰਗਾਈ ਦੇ ਦੌਰ ਵਿਚ ਆਮ ਆਦਮੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ। Amul ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਹ ਵਾਧਾ 3 ਰੁਪਏ ਲੀਟਰ ਕੀਤਾ ਗਿਆ ਹੈ। ਨਾਲ ਹੀ ਤੁਹਾਨੂੰ ਦਸ ਦਈਏ ਕਿ ਇਹ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ। ਇਸਤੋਂ ਪਹਿਲਾਂ ਕੰਪਨੀ 9 ਵਾਰੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਚੁੱਕੀ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਨੇ ਦੱਸਿਆ ਕਿ ਅਮੂਲ ਨੇ ਹਰ ਤਰ੍ਹਾਂ ਦੇ ਸੈਸ਼ੇਟ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਕੰਪਨੀ ਦੇ ਬਿਆਨ ਮੁਤਾਬਕ ਹੁਣ ਅੱਧਾ ਲੀਟਰ ਅਮੂਲ ਤਾਜ਼ਾ ਦੁੱਧ 27 ਰੁਪਏ ‘ਚ ਮਿਲੇਗਾ, ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਦੀ ਕੀਮਤ 54 ਰੁਪਏ ਹੋਵੇਗੀ। ਅਮੂਲ ਗੋਲਡ ਦਾ ਅੱਧਾ ਕਿਲੋ ਦਾ ਪੈਕੇਟ ਯਾਨੀ ਫੁੱਲ ਕਰੀਮ ਦੁੱਧ ਹੁਣ 33 ਰੁਪਏ ‘ਚ ਮਿਲੇਗਾ, ਜਦਕਿ 1 ਲੀਟਰ ਲਈ 66 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਅੱਧਾ ਲੀਟਰ ਅਮੂਲ ਕਾਊ ਮਿਲਕ ਯਾਨੀ ਅਮੂਲ ਗਊ ਮਿਲਕ ਦੀ ਕੀਮਤ 28 ਰੁਪਏ ਹੋਵੇਗੀ, ਜਦਕਿ 1 ਲੀਟਰ ਲਈ 56 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ, ਅਮੂਲ ਏ2 ਮੱਝ ਦੇ ਦੁੱਧ ਦੀ ਅੱਧਾ ਲੀਟਰ ਕੀਮਤ 35 ਰੁਪਏ ਹੋਵੇਗੀ, ਜਦੋਂ ਕਿ ਇੱਕ ਲੀਟਰ ਲਈ 70 ਰੁਪਏ ਅਦਾ ਕਰਨੇ ਪੈਣਗੇ।
ਅਮੂਲ ਦੁੱਧ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਦੇ ‘ਅੱਛੇ ਦਿਨ’ ਦੇ ਨਾਅਰੇ ਦਾ ਹਵਾਲਾ ਦੇ ਕੇ ਚੁਟਕੀ ਲਈ ਹੈ। ਕਾਂਗਰਸ ਨੇ ਟਵੀਟ ਕਰਕੇ ਕਿਹਾ, ‘ਅਮੂਲ ਦੁੱਧ 3 ਰੁਪਏ ਮਹਿੰਗਾ ਹੋ ਗਿਆ ਹੈ। ਪਿਛਲੇ ਇੱਕ ਸਾਲ ਵਿੱਚ ਇਸ ਦੀ ਕੀਮਤ ਵਿੱਚ 8 ਰੁਪਏ ਦਾ ਵਾਧਾ ਹੋਇਆ ਹੈ। ਫਰਵਰੀ 2022 ਵਿੱਚ, ਅਮੂਲ ਗੋਲਡ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਸੀ, ਫਰਵਰੀ 2023 ਵਿੱਚ ਅਮੂਲ ਗੋਲਡ ਦੀ ਕੀਮਤ 66 ਰੁਪਏ ਪ੍ਰਤੀ ਲੀਟਰ ਹੋ ਗਈ। ਚੰਗੇ ਦਿਨ?’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਮਹੀਨੇ ‘ਚ ਦੁੱਧ ਵਿਕਰੇਤਾ ਮਦਰ ਡੇਅਰੀ ਨੇ ਦਿੱਲੀ-ਐੱਨਸੀਆਰ ਖੇਤਰ ‘ਚ ਵਿਕਣ ਵਾਲੇ ਆਪਣੇ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਮਦਰ ਡੇਅਰੀ ਨੇ ਪਿਛਲੇ ਸਾਲ ਪੰਜਵੀਂ ਵਾਰ ਦੁੱਧ ਦੀ ਕੀਮਤ ਵਧਾਈ ਹੈ। ਇਸ ਦੇ ਨਾਲ ਹੀ ਇਸ ਸਾਲ ਇਸ ਦੇ ਦੁੱਧ ਦੀ ਕੀਮਤ ਵਿੱਚ 9 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮਦਰ ਡੇਅਰੀ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਵੇਚਦੀ ਹੈ।