ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਵਿਚ ਹੀ ਜ਼ਿਲ੍ਹੇ ‘ਚ ਹੋਏ 6 ਸਾਲਾਂ ਬੱਚੇ ਉਦੈਵੀਰ ਦੇ ਕਤਲਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਦਸ ਦਈਏ ਕਿ ਮਾਨਸਾ ਪੁਲਿਸ ਨੇ ਉਦੈਵੀਰ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮਾਨਸਾ ਪੁਲਿਸ ਦੇ ਸੀਨੀਅਰ ਕਪਤਾਨ ਡਾ.ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਕਤਲ ਦੀ ਗੁਥੀ ਨੂੰ ਘੰਟਿਆਂ ‘ਚ ਹੱਲ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਉਹਨਾਂ ਨੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਵਰਤਿਆ ਮੋਟਰਸਾਈਕਲ, ਮੋਬਾਇਲ ਫੋਨ ਅਤੇ ਹਥਿਆਰ ਜ਼ਬਤ ਕਰ ਲਏ ਗਏ ਹਨ। ਇਹ ਵੀ ਪਤਾ ਲੱਗਿਆ ਕਿ ਮੁਲਜ਼ਮਾਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਨ ਉਪਰੰਤ ਮਾਮਲੇ ਦੀ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾਵੇਗਾ।