ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਆਖਰੀ ਦਿਨ ਕਈ ਮੁੱਦਿਆਂ ਨੂੰ ਲੈਕੇ ਮਤੇ ਪੇਸ਼ ਕੀਤੇ ਗਏ ਅਤੇ ਇਸ ਦੌਰਾਨ ਮੰਤਰੀਆਂ ਵਲੋਂ ਲਿਆਂਦੇ ਬਿੱਲ ਪਾਸ ਵੀ ਕਰ ਦਿੱਤੇ ਗਏ ਹਨ। ਇਸ ਦਰਮਿਆਨ ਹੁਣ ਇਕ ਬਿੱਲ ਅਜਿਹਾ ਵੀ ਪਾਸ ਕੀਤਾ ਗਿਆ ਹੈ ਜਿਸ ਵਿਚ ਤੈਅ ਹੋਇਆ ਹੈ ਕਿ ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ‘ਚ ਰਾਜਪਾਲ ਦੀ ਥਾਂ ਮੁੱਖ ਮੰਤਰੀ ਨੂੰ ਚਾਂਸਲਰ ਬਣਾਇਆ ਗਿਆ ਹੈ। ਅੱਜ ਵਿਧਾਨ ਸਭਾ ‘ਚ ਬਿੱਲ ਲਿਆਂਦਾ ਗਿਆ ਜਿਸ ਨੂੰ ਸਰਬਸੰਮਤੀ ਦੇ ਨਾਲ ਪਾਸ ਵੀ ਕਰ ਦਿੱਤਾ ਗਿਆ ਹੈ। ਇਸ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਯੂਨੀਵਰਸਿਟੀ ‘ਚ ਚਾਂਸਲਰ ਵਧੀਆ ਆ ਜਾਵੇ ਤਾ ਕਲਿਆਣ ਹੋ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਨਵੇਂ ਕਾਨੂੰਨ ਮੁਤਾਬਿਕ ਯੂਨੀਵਰਸਿਟੀਆਂ ਦੇ ਚਾਂਸਲਰ ਗਵਰਨਰ ਨਹੀਂ, ਸੀਐੱਮ ਹੋਣਗੇ ਚਾਹੇ ਫੇਰ ਉਹ ਮੁੱਖ ਮੰਤਰੀ ਕੋਈ ਹੀ ਹੋਵੇ। ਮਾਨ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਇਹ ਲਾਗੂ ਹੋ ਚੁੱਕਾ ਹੈ ਅਤੇ ਹੁਣ ਅਸੀ ਪੰਜਾਬ ‘ਚ ਵੀ ਅਸੀਂ ਇਹ ਐਕਟ ਲੈਕੇ ਆਏ ਹਾਂ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਗਵਰਨਰ ਨਹੀਂ, ਸੀਐੱਮ ਹੋਣਗੇ ਅਤੇ ਉਹ ਆਪਣੇ ਹਿਸਾਬ ਨਾਲ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ ਕਰਨਗੇ।
ਦੱਸ ਦਈਏ ਕਿ ਕੱਲ੍ਹ ਕੈਬਨਿਟ ਨੇ ਬਿੱਲ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ। ਵਿਧਾਨ ਸਭਾ ‘ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਪੰਜਾਬ ਯੂਨੀਵਰਸਿਟੀਜ਼ ਲਾਅਜ਼ ਸੋਧ ਬਿੱਲ 2023 ਪੇਸ਼ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਦੇ ਨਾਲ ਹਾਊਸ ਵਲੋਂ ਪਾਸ ਕਰ ਦਿੱਤਾ ਗਿਆ।