December 4, 2023
Politics Punjab

ਮੁਸ਼ਕਿਲਾਂ ‘ਚ ਘਿਰੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ਸੀ.ਐਮ. ਮਾਨ ਨੇ ਬਚਾਅ ਕਰਦਿਆਂ ਦਿੱਤਾ ਵੱਡਾ ਬਿਆਨ

ਇਕ ਤੋਂ ਇਕ ਪੰਜਾਬ ਸਰਕਾਰ ਦੇ ਮੰਤਰੀ ਮੁਸ਼ਕਿਲਾਂ ‘ਚ ਘਿਰਦੇ ਜਾ ਰਹੇ ਹਨ।  ਹੁਣ ਤਾਜ਼ਾ ਮਾਮਲਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਜੁੜਿਆ ਸਾਹਮਣੇ ਆਇਆ ਹੈ।  ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਬਾਰੇ ਦਾਅਵਿਆਂ ਮਗਰੋਂ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਲੀਡਰ ਦੇ ਬਚਾਅ ਲਈ ਅਹਿਮ ਬਿਆਨ ਜਾਰੀ ਕੀਤਾ ਹੈ।

ਸੀ.ਐਮ. ਮਾਨ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਦਾ ਅਸਤੀਫ਼ਾ ਮਨਜਿੰਦਰ ਸਿੰਘ ਸਿਰਸਾ ਕੋਲ ਆਇਆ ਹੋਵੇਗਾ, ਸਾਡੇ ਕੋਲ ਨਹੀਂ ਅਤੇ ਨਾ ਹੀ ਸਾਡੇ ਕੋਲ ਕੋਈ ਵੀਡੀਓ ਆਈ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਕਾਂਗਰਸੀ ਆਗੂ ਸੁਖਪਾਲ ਖਹਿਰਾ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਬਾਰੇ ਦਿੱਤੇ ਬਿਆਨਾਂ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਇੱਕ ਹੀ ਹਨ। ਕਈ ਵਾਰ ਉਹ ਆਪਸ ਵਿੱਚ ਸਲਾਹ ਨਹੀਂ ਕਰ ਪਾਉਂਦੇ ਤੇ ਤਿੰਨੇ ਇੱਕੋ ਗੱਲ ਬੋਲ ਜਾਂਦੇ ਹਨ।

ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਪੁੱਛੇ ਜਾਣ ‘ਤੇ ਕਿ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਕਟਾਰੂਚੱਕ ਨੇ ਆਪਣਾ ਅਸਤੀਫਾ ਭੇਜ ਦਿੱਤਾ ਹੈ? ਇਸ ‘ਤੇ ਮਾਨ ਨੇ ਕਿਹਾ ਕਿ ਮੈਨੂੰ ਤਾਂ ਨਹੀਂ ਪਤਾ, ਹੋ ਸਕਦਾ ਹੈ ਕਿ ਉਨ੍ਹਾਂ ਸਿਰਸਾ ਨੂੰ ਭੇਜਿਆ ਹੋਵੇ। ਮੈਨੂੰ ਤਾਂ ਅਜੇ ਤੱਕ ਕਟਾਰੁਚਕ ਦਾ ਅਸਤੀਫਾ ਨਹੀਂ ਮਿਲਿਆ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ ਦੀ ਇੱਕੋ ਜਿਹੀ ਤਾਸੀਰ ਹੈ। ਦੋਵੇਂ ਲੀਡਰ ਪਾਰਟੀਆਂ ਬਦਲਣ ਤੇ ਅਸਤੀਫ਼ੇ ਦੇਣ ਦੇ ਮਾਹਿਰ ਹਨ। ਉਨ੍ਹਾਂ ਕੋਲ ਜਲੰਧਰ ਜ਼ਿਮਨੀ ਚੋਣ ਵਿੱਚ ਕੋਈ ਮੁੱਦਾ ਨਹੀਂ। ਦੋਵੇਂ ਬੁਖਲਾਹਟ ਵਿੱਚ ਬੋਲਦੇ ਰਹਿੰਦੇ ਹਨ। ਸਿਰਸਾ, ਮਜੀਠੀਆ ਤੇ ਸੁਖਪਾਲ ਖਹਿਰਾ ਬੈਠ ਕੇ ਗੱਲਾਂ ਕਰਦੇ ਰਹਿੰਦੇ ਹਨ ਕਿ​ ਅੱਜ ਨਵਾਂ ਕੀ ਕਰਨਾ ਹੈ।

ਦੱਸ ਦਈਏ ਕਿ ਇਸ ਪੂਰੇ ਮਾਮਲੇ ਬਾਰੇ, ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰ ਕੇ ਕਿਹਾ ਸੀ ਕਿ ‘ਆਪ’ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਇੱਕ ਬਹੁਤ ਹੀ ਅਸ਼ਲੀਲ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਇਸ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕਰਨਗੇ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X