ਪੰਜਾਬ ‘ਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਟਿਆਲਾ ਤੋਂ ਬਾਅਦ ਹੁਣ ਰਾਜਪੁਰਾ ‘ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਸ਼ਖਸ ਨੰਗੇ ਸਿਰ ਅਤੇ ਬੂਟ ਪਾ ਕੇ ਗੁਰੂਘਰ ਵਿਚ ਦਾਖ਼ਲ ਹੋ ਗਿਆ। ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ ਜਿਸ ‘ਚ ਇਕ ਵਿਅਕਤੀ ਗੁਰੂਘਰ ਅੰਦਰ ਵੜਦਾ ਨਜ਼ਰ ਆ ਰਿਹਾ ਹੈ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਅਜਿਹੀ ਹਰਕਤ ਕੀਤੀ ਤਾਂ ਸੇਵਾਦਾਰ ਭੜਕ ਗਏ। ਉਨ੍ਹਾਂ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਇਸ ਮਗਰੋਂ ਰਾਜਪੁਰਾ ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫੜਿਆ ਗਿਆ ਨੌਜਵਾਨ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਸਾਹਿਲ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਦੋਸ਼ੀ ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ। ਗੁਰਦੁਆਰਾ ਸਾਹਿਬ ਵਿੱਚ 15 ਤੋਂ 16 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ, ਜਿਨ੍ਹਾਂ ਦੀ ਫੁਟੇਜ ਪੁਲਿਸ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ। ਉਧਰ ਗੁਰਦੁਆਰਾ ਪ੍ਰਧਾਨ ਅਰਬਿੰਦਰ ਸਿੰਘ ਕੰਗ ਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਦੋਸ਼ੀ ‘ਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।