ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਸ਼ੁਰੂ ਹੋਇਆ ਤਕਰਾਅ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਬੀਤੇ ਦਿਨੀ ਵਿਧਾਨ ਸਭਾ ਦੇ ਹੋਏ ਸਪੈਸ਼ਲ ਸੈਸ਼ਨ ਮੌਕੇ ਮੁੱਖ ਮੰਤਰੀ ਮਾਨ ਨੇ ਰਾਜਪਾਲ ਖਿਲਾਫ਼ ਕੁਝ ਟਿਪਣੀਆਂ ਕੀਤੀਆਂ ਸੀ ਜਿਸ ਦਾ ਜਵਾਬ ਹੁਣ ਗਵਰਨਰ ਨੇ ਖੁਦ ਪ੍ਰੈੱਸ ਕਾਨਫਰੰਸ ਕਰਕੇ ਦਿੱਤਾ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਜਦੋਂ ਤੱਕ ਉਹ ਪੰਜਾਬ ‘ਚ ਰਹਿਣਗੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ। ਮੁੱਖ ਮੰਤਰੀ ਨੇ ਵਿਧਾਨ ਸਭਾ ‘ਚ ਮੇਰਾ ਬਹੁਤ ਮਜ਼ਾਕ ਉਡਾਇਆ। ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਹੁੰਦੀ ਹੈ ਅਤੇ ਭਗਵੰਤ ਮਾਨ ਨੂੰ ਇਸ ਨੂੰ ਬਹਾਲ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੇਰੀਆਂ ਚਿੱਠੀਆਂ ਨੂੰ ਲਵ ਲੈਟਰ ਦੱਸ ਕੇ ਮਜ਼ਾਕ ਉਡਾਇਆ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੁਝ ਵੀ ਬੋਲਣ ਪਰ ਉਨ੍ਹਾਂ ਨੂੰ ਮੇਰੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੇਰੇ ‘ਤੇ ਪੰਜਾਬ ਯੂਨੀਵਰਸਿਟੀ ਮਾਮਲੇ ‘ਚ ਹਰਿਆਣਾ ਦਾ ਪੱਖ ਪੂਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁਪਰੀਮ ਕੋਰਟ ਦੇ ਹੁਕਮ ਤੇ ਸੰਵਿਧਾਨਕ ਤੌਰ ‘ਤੇ ਜਵਾਬ ਦੇਣ ਲਈ ਪਾਬੰਦ ਹਨ। ਗਵਰਨਰ ਪੁਰੋਹਿਤ ਨੇ ਕਿਹਾ ਕਿ ਸੀਐੱਮ ਚਾਹੇ ਜਿਹੜੀ ਮਰਜ਼ੀ ਭਾਸ਼ਾ ਵਰਤ ਲੈਣ ਪਰ ਕੁਝ ਗ਼ੈਰ-ਸੰਵਿਧਾਨਕ ਕਰੋਗੇ ਤਾਂ ਮੈਂ ਰੋਕਾਂਗਾ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਪੰਜ ਸਾਲਾਂ ‘ਚ 203 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ ਜਦਕਿ 696 ਕਰੋੜ ਰੁਪਏ ਦੇਣੇ ਸਨ। ਉਨ੍ਹਾਂ ਕਿਹਾ ਕਿ ਰਾਜਪਾਲ ‘ਤੇ ਦੋਸ਼ ਲਾਉਣਾ ਅਨਿਆਂ ਹੈ। ਰਾਜਪਾਲ ‘ਤੇ ਦੋਸ਼ ਲਾਉਣਾ ਉਚਿਤ ਨਹੀਂ। ਉਨ੍ਹਾਂ ਚੁਣੌਤੀ ਦਿੱਤੀ ਕਿ ਕੋਈ ਇਕ ਪੁਆਇੰਟ ਦੱਸੋ ਜਿਸ ਨਾਲ ਸਰਕਾਰ ਦੇ ਕੰਮ ਵਿਚ ਦਖਲਅੰਦਾਜ਼ੀ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਇਕ ਮੰਤਰੀ ਨੂੰ ਹਟਾਉਣ ਦੀ ਗੱਲ ਕਹੀ ਸੀ ਕਿਉਂਕਿ ਗਲਤ ਕੰਮ ਕਰ ਕੇ ਉਸ ਦਾ ਅਕਸ ਖਰਾਬ ਹੋਇਆ ਹੈ। ਇਸ ਦੇ ਨਾਲ ਹੀ ਗਵਰਨਰ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਭਗਵਾਨ ਮਾਨ ਨੇ ਮੰਤਰੀ ਨੂੰ ਹਟਾ ਦਿੱਤਾ ਹੈ?
ਰਾਜਪਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੰਵਿਧਾਨ ਨੇ ਉਨ੍ਹਾਂ ਨੂੰ ਇਸ ਅਹੁਦੇ ‘ਤੇ ਬਿਠਾਇਆ ਹੈ ਅਤੇ ਉਹ ਚਾਹੁਣ ਵੀ ਤਾਂ ਉਨ੍ਹਾਂ ਨੂੰ ਹਟਾ ਨਹੀਂ ਸਕਦੇ। ਰਾਜਪਾਲ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਅਸ਼ਲੀਲ ਭਾਸ਼ਾ ਮੁੱਖ ਮੰਤਰੀ ਵਰਤ ਰਹੇ ਹਨ, ਉਹ ਮੈਂ ਨਹੀਂ ਵਰਤ ਸਕਦਾ ਕਿਉਂਕਿ ਮੈਨੂੰ ਰਾਜਪਾਲ ਦੇ ਅਹੁਦੇ ਦੀ ਮਰਿਆਦਾ ਦੀ ਪਰਵਾਹ ਹੈ, ਪਰ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਦੀ ਕੋਈ ਪਰਵਾਹ ਨਹੀਂ ਹੈ।
Leave feedback about this