December 8, 2023
Politics Punjab

ਮੁੱਖ ਮੰਤਰੀ ਮਾਨ ਤੇ ਐਸਜੀਪੀਸੀ ‘ਚ ਮੁੜ ਡਿਜੀਟਲ ਜੰਗ ਸ਼ੁਰੂ, ਗੁਰਬਾਣੀ ਦੇ ਪ੍ਰਸਾਰਣ ਸਬੰਧੀ ਭਖੀ ਸਿਆਸਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਕੀਤੇ ਟਵੀਟ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਇਸ ਨੂੰ ਲੈਕੇ ਹੁਣ ਐਸਜੀਪੀਸੀ ਦਾ ਪ੍ਰਤੀਕਰਮ ਵੀ ਸਾਹਮਣੇ ਆ ਚੁੱਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਕਮੇਟੀ ਨੂੰ ਤੁਹਾਡੀ ਸਰਕਾਰ ਦੇ ਪੈਸੇ ਦੀ ਜ਼ਰੂਰਤ ਨਹੀਂ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੌਮ ਦੇ ਪ੍ਰਤੀ ਏਨਾ ਹੀ ਦਰਦ ਰੱਖਦੇ ਨੇ ਤਾਂ ਵਿਦਿਆਰਥੀਆਂ ਦੇ ਪੈਡਿੰਗ ਵਜ਼ੀਫਿਆਂ ਵੱਲ ਗੌਰ ਕਰਨ।

ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ SGPC ਅੰਮ੍ਰਿਤਸਰ, ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਜੀ, ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ ‘ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰੋ। ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ।

ਸਰਕਾਰ ਦੇ ਅਧਿਕਾਰ ਖੇਤਰ ਵਿੱਚ ਤੁਹਾਡੀ  ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ, ਇਸ ਕੇਂਦਰੀ ਸਿੱਖ ਅਸਥਾਨ ਦੇ ਆਲੇ-ਦੁਆਲੇ ਸਰਕਾਰ ਤਰਫੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖੋ ਕੀ ਹੈ? ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉੱਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ-ਰਖਾਅ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਬੁਰਾ ਹਾਲ ਦੇਖੋ। ਭਾਵੇਂ ਸਰਕਾਰ ਕੋਲ ਪੈਸਾ ਹੈ, ਜੋ ਲੋਕਾਂ ਦਾ ਹੀ ਹੈ, ਪਰ ਆਪਣੀ ਤਰਫੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉਥੇ ਲਾਓ। ਬਿਨਾ ਮਤਲਬ ਗੁਰਬਾਣੀ ਪ੍ਰਸਾਰਣ ਲਈ ਖ਼ਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿਚ ਨਾ ਪਾਓ।

ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਟਵੀਟ ਕੀਤਾ ਸੀ। ਇਸ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਹਨ। ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਭਗਵੰਤ ਮਾਨ ਦੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਨੂੰ ਵੱਖ-ਵੱਖ ਸੰਚਾਰ ਪਲੇਟਫਾਰਮਾਂ ‘ਤੇ ਪ੍ਰਸਾਰਿਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਸੰਭਵ ਸਹਾਇਤਾ ਦੇਣ ਅਤੇ ਇਸ ਦੇ ਖਰਚੇ ਚੁੱਕਣ ਲਈ ਤਿਆਰ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪ੍ਰਸਾਰਣ ਲਈ ਹਰਿਮੰਦਰ ਸਾਹਿਬ ਵਿਖੇ ਆਧੁਨਿਕ ਪ੍ਰਸਾਰਣ ਜਾਂ ਸੰਚਾਰ ਤਕਨਾਲੋਜੀ ਲਗਾਉਣ ਲਈ ਤਿਆਰ ਹੈ। ਇਸ ਸਮੇਂ ਇਕ ਨਿੱਜੀ ਟੀਵੀ ਚੈਨਲ ‘ਤੇ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਹੈ। ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਸਰਬੱਤ ਦੇ ਭਲੇ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਫੈਲਾਉਣ ਦੇ ਟੀਚੇ ਨਾਲ ਸਰਬ ਸੰਜੀਦਾ ਗੁਰਬਾਣੀ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਸੀ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X