ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣੀ ਥਾਂ ਬਣਾਈ ਹੋਈ ਹੈ। ਆਮ ਲੋਕਾਂ ਦੇ ਨਾਲ-ਨਾਲ ਵੱਡੇ-ਵੱਡੇ ਵਿਦੇਸ਼ੀ ਕਲਾਕਾਰ ਵੀ ਮੂਸੇਵਾਲਾ ਦੇ ਫੈਨ ਹਨ। ਇਸ ਸਦਕਾ ਸਿੱਧੂ ਮੂਸੇਵਾਲਾ ਨੂੰ ਸਰਧਾਂਜਲੀ ਦੇਣ ਲਈ ਨਾਈਜੀਰੀਅਨ-ਬ੍ਰਿਟਿਸ਼ ਰੈਪਰ ਟੀਓਨ ਵੇਨ ਨੇ ਗੀਤ ‘HEALING’ ਰਿਲੀਜ਼ ਕੀਤਾ। ਜਿਸ ਵਿਚ ਪਿੰਡ ਮੂਸਾ ਵਿਖੇ ਸ਼ੂਟਿੰਗ ਕੀਤੀ ਗਈ ਹੈ। ਇੰਨਾਂ ਹੀ ਨਹੀਂ ਇਸ ਗੀਤ ਵਿਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ 5911 ਟ੍ਰੈਕਟਰ ਵੀ ਵਿਖਾਈ ਦੇ ਰਿਹਾ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਨਾਈਜੀਰੀਅਨ-ਬ੍ਰਿਟਿਸ਼ ਰੈਪਰ ਟੀਓਨ ਵੇਨ ਨੇ ਬੀਤੇ ਵੀਰਵਾਰ ਨੂੰ ਮਾਨਸਾ ਵਿੱਚ ਮਾਰੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦਾ ਦੌਰਾ ਕੀਤਾ ਅਤੇ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਸ ਦੇ ਆਉਣ ਵਾਲੇ ਗੀਤ ਦੀ ਵੀਡੀਓ ਲਈ ਵਿਜ਼ੂਅਲ ਸ਼ੂਟ ਵੀ ਕੀਤਾ ਗਿਆ।
ਵੇਨ ਜੋ ਕਿ ਬੀਤੇ ਬੁੱਧਵਾਰ ਪਿੰਡ ਮੂਸਾ ਪੁੱਜੇ ਸਨ, ਨੇ ਜਵਾਹਰ ਕੇ ਪਿੰਡ ਜਿੱਥੇ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ ਅਤੇ ਸਸਕਾਰ ਵਾਲੀ ਥਾਂ ‘ਤੇ ਵੀ ਮਰਹੂਮ ਗਾਇਕ ਦੀ ਯਾਦਗਾਰ ਦਾ ਵੀ ਦੌਰਾ ਕੀਤਾ। ਵੇਨ ਨੇ 2021 ਵਿੱਚ ਰਿਲੀਜ਼ ਹੋਏ ਪੰਜਾਬੀ ਗਾਇਕ ਦੇ ਗੀਤ ‘ਸੇਲਿਬ੍ਰਿਟੀ ਕਿਲਰ’ ਲਈ ਮੂਸੇਵਾਲਾ ਨਾਲ ਸਹਿਯੋਗ ਕੀਤਾ ਸੀ। ਉਹ ਆਪਣੀ ਆਉਣ ਵਾਲੀ ਵੀਡੀਓ ਵਿੱਚ ਮੂਸੇਵਾਲਾ ਦੇ ਪਿੰਡ ਅਤੇ ਘਰ ਨੂੰ ਦਿਖਾਉਣਾ ਚਾਹੁੰਦਾ ਸੀ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲਣ ਲਈ ਪਿੰਡ ਆਇਆ ਸੀ।
ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਨਾ ਸਿਰਫ਼ ਰੈਪਰ ਵੇਨ ਨੂੰ ਮੂਸੇਵਾਲਾ ਦੇ ਪਸੰਦੀਦਾ ਐਚਐਮਟੀ 5911 ਟਰੈਕਟਰ ਵਿਖਾਇਆ ਸਗੋਂ ਉਸਤੇ ਪਿੰਡ ਦਾ ਗੇੜਾ ਵੀ ਲਵਾਇਆ। ਇਸਦੇ ਨਾਲ ਹੀ ਕੁਝ ਟਰੈਕਟਰ ਸਟੰਟਮੈਨ ਵੇਨ ਨੂੰ ਆਪਣਾ ਹੁਨਰ ਵੀ ਦਿਖਾਉਣ ਲਈ ਮੂਸਾ ਪਿੰਡ ਆਏ, ਇਨ੍ਹਾਂ ਦ੍ਰਿਸ਼ਿਆਂ ਨੂੰ ਵੇਨ ਨੇ ਆਪਣੇ ਗਾਣੇ ‘ਚ ਸ਼ਾਮਲ ਕੀਤਾ। ਨਾਈਜੀਰੀਅਨ-ਬ੍ਰਿਟਿਸ਼ ਰੈਪਰ ਟੀਓਨ ਦੇ ਚਿੱਟਾ ਕੁੜਤਾ ਪਜਾਮਾ ਪਾਏ ਹੋਏ ਕਈ ਸ਼ੋਟਸ ਇਸ ਮਿਊਜ਼ਿਕ ਵੀਡੀਓ ‘ਚ ਸ਼ਾਮਲ ਕੀਤੇ ਗਏ ਹਨ।
ਟੀਓਨ ਦੇ ਆਗਮਨ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਤੇ ਇੰਗਲੈਂਡ ‘ਚ ਰਹਿੰਦਾ ਹੈ। ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ ‘ਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ। ਜ਼ਿਕਰਯੋਗ ਹੈ ਕਿ ਟੀਓਨ ਵੇਨ ਸਿੱਧੂ ਮੂਸੇਵਾਲਾ ਨਾਲ ਉਸ ਦੇ ਸੁਪਰਹਿੱਟ ਗਾਣੇ ‘ਸੈਲੀਬ੍ਰਿਟੀ ਕਿੱਲਰ’ ‘ਚ ਨਜ਼ਰ ਆਇਆ ਸੀ।