ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ 25 ਸਾਲਾਂ ਤੋਂ ਪਟਿਆਲਾ ਜੇਲ੍ਹ ‘ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਭਾਰੀ ਪੁਲਿਸ ਬਲ ਵਿਚ ਪਟਿਆਲਾ ਜੇਲ੍ਹ ਤੋਂ ਬਾਹਰ ਆਏ। ਇਸ ਦਰਮਿਆਨ ਉਹ ਸਰਕਾਰੀ ਮੈਡੀਕਲ ਹਸਪਤਾਲ ਗਏ ਜਿਥੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ, “ਮੇਰਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਮੇਰਾ ਪਰਿਵਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ।”
ਉਨ੍ਹਾਂ ਕਿਹਾ ਕਿ ਮੋਰਚੇ ਦੇ ਲੋਕਾਂ ਨੂੰ ਮੇਰੇ ਅਕਾਲੀ ਹੋਣ ‘ਤੇ ਇਤਰਾਜ਼ ਹੈ, ਮੈਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ ਪਰ ਮੋਰਚੇ ਦੇ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਪਾਰਟੀ ਦੇ ਬੰਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੀਆਂ ਜੋ ਮੰਗਾਂ ਹਨ, ਉਸ ਵਿਚ ਕਾਂਗਰਸ ਵਲੋਂ ਕੀਤੇ ਗਏ ਜ਼ੁਲਮਾਂ ਦੀ ਕੋਈ ਗੱਲ ਕਿਉਂ ਨਹੀਂ ਕਰਦਾ । ਉਨ੍ਹਾਂ ਕਿਹਾ ਕਿ ਕੁਝ ਆਗੂਆਂ ਵੱਲੋਂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਕੀਲ ਅਮਰ ਸਿੰਘ ਚਾਹਲ ਨੂੰ ਏਜੰਸੀਆਂ ਦਾ ਬੰਦਾ ਕਰਾਰ ਦਿੱਤਾ ਹੈ।