ਮੱਧ ਪ੍ਰਦੇਸ਼ ‘ਚ ਇਕ ਨੌਜਵਾਨ ਵਲੋਂ ਇਕ ਆਦਿਵਾਸੀ ‘ਤੇ ਪਿਸ਼ਾਬ ਕਰਨ ਦੇ ਮਾਮਲੇ ਨੇ ਕਾਫੀ ਹੰਗਾਮਾ ਕੀਤਾ ਹੋਇਆ ਹੈ। ਇਹ ਘਟਨਾ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਹਾਵੀ ਹੈ। ਇਸ ਮਾਮਲੇ ‘ਚ ਮੰਗਲਵਾਰ ਦੇਰ ਰਾਤ ਨਾ ਸਿਰਫ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਸਗੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਦੋਸ਼ੀ ‘ਤੇ ਐੱਨ.ਐੱਸ.ਏ. ਲਗਾਉਣ ਦੇ ਹੁਕਮ ਦਿੱਤੇ ਹਨ। ਵੀਰਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਭੋਪਾਲ ‘ਚ ਆਦਿਵਾਸੀ ਨੌਜਵਾਨ ਦਸ਼ਮਤ ਨਾਲ ਮੁਲਾਕਾਤ ਕੀਤੀ। ਦਸ਼ਮਤ ਦਾ ਸਤਿਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਕਈ ਵਿਸ਼ਿਆਂ ‘ਤੇ ਵੀ ਚਰਚਾ ਕੀਤੀ। ਮੁੱਖ ਮੰਤਰੀ ਨੇ ਮੁਲਾਕਾਤ ਦੌਰਾਨ ਦਸ਼ਮਤ ਨੂੰ ਆਪਣਾ ਮਿੱਤਰ ਵੀ ਕਿਹਾ। ਇੰਨਾਂ ਹੀ ਨਹੀਂ ਉਹਨਾਂ ਨੇ ਦਸ਼ਮਤ ਨੂੰ ਸੁਦਾਮਾ ਕਿਹਾ ਅਤੇ ਕਿਹਾ ਕਿ ਤੁਸੀਂ ਹੁਣ ਮੇਰੇ ਮਿੱਤਰ ਹੋ।
ਮੁੱਖ ਮੰਤਰੀ ਨੇ ਦਸ਼ਮਤ ਨੂੰ ਉਨ੍ਹਾਂ ਦੇ ਕੰਮ ਬਾਰੇ ਪੁੱਛਿਆ। ਉਹਨਾਂ ਪੁੱਛਿਆ, ਤੁਸੀਂ ਕੀ ਕਰਦੇ ਹੋ, ਘਰ ਚਲਾਉਣ ਦੇ ਕੀ ਸਾਧਨ ਹਨ। ਸਰਕਾਰ ਦੀਆਂ ਕਿਹੜੀਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ। ਸੀ.ਐਮ. ਸ਼ਿਵਰਾਜ ਨੇ ਦਸ਼ਮਤ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਆਵਾਸ ਯੋਜਨਾ ਦਾ ਲਾਭ ਮਿਲਿਆ ਹੈ। ਉਨ੍ਹਾਂ ਪੀੜਤਾ ਨੂੰ ਕਿਹਾ ਕਿ ਬੇਟੀ ਨੂੰ ਪੜ੍ਹਾਉਣਾ ਹੈ, ਧੀਆਂ ਅੱਗੇ ਵਧ ਰਹੀਆਂ ਹਨ।
ਸੀ.ਐਮ. ਸ਼ਿਵਰਾਜ ਸਿੰਘ ਨੇ ਇਸ ਮਾਮਲੇ ‘ਤੇ ਇੱਕ ਵੀਡੀਓ ਟਵੀਟ ਕੀਤਾ ਹੈ। ਵੀਡੀਓ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤਾਂ ਜੋ ਹਰ ਕੋਈ ਸਮਝ ਸਕੇ ਕਿ ਜੇਕਰ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਹਨ, ਤਾਂ ਜਨਤਾ ਭਗਵਾਨ ਹੈ। ਕਿਸੇ ਨਾਲ ਵੀ ਅੱਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬੇ ਦੇ ਹਰ ਨਾਗਰਿਕ ਦਾ ਸਤਿਕਾਰ ਮੇਰਾ ਸਤਿਕਾਰ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸੀਧੀ ਜ਼ਿਲੇ ‘ਚ ਇਕ ਆਦਿਵਾਸੀ ਵਿਅਕਤੀ ‘ਤੇ ਪਿਸ਼ਾਬ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਇਕ ਸ਼ਰਾਬੀ ਵਿਅਕਤੀ ਨੂੰ ਦੂਜੇ ਆਦਿਵਾਸੀ ਵਿਅਕਤੀ ‘ਤੇ ਪਿਸ਼ਾਬ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ‘ਚ ਪਤਾ ਲੱਗਾ ਕਿ ਦੋਸ਼ੀ ਦਾ ਨਾਂ ਪ੍ਰਵੇਸ਼ ਸ਼ੁਕਲਾ ਹੈ ਅਤੇ ਉਸ ‘ਤੇ ਐਨ.ਐਸ.ਏ. ਲਗਾਕੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।