ਮੈਕਸੀਕੋ ’ਚ ਗ੍ਰਿਫ਼ਤਾਰ ਕੀਤੇ ਖਤਰਨਾਕ ਗੈਂਗਸਟਰ ਦੀਪਕ ‘ਬਾਕਸਰ’ ਨੂੰ ਦਿੱਲੀ ਲਿਆਂਦਾ ਗਿਆ ਹੈ। ਦਸ ਦਈਏ ਕਿ ਬੀਤੇ ਕੱਲ੍ਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਐਫਬੀਆਈ ਦੀ ਮਦਦ ਨਾਲ ਇਸ ਗੈਂਗਸਟਰ ਨੂੰ ਮੈਕਸੀਕੋ ‘ਚ ਗ੍ਰਿਫ਼ਤਾਰ ਕੀਤਾ ਸੀ। ਦਸ ਦਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਐਫਬੀਆਈ ਦੇ ਅਧਿਕਾਰੀ ਅੱਜ ਸਵੇਰੇ ਦੀਪਕ ਬਾਕਸਰ ਨੂੰ ਤੁਰਕੀ ਤੋਂ ਕਨੈਕਟਿੰਗ ਫਲਾਈਟ ਰਾਹੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈ ਕੇ ਪਹੁੰਚੇ। ਮੈਕਸੀਕੋ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਦੀਪਕ ਬਾਕਸਰ ਨੂੰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਦਫ਼ਤਰ ਲਿਜਾਇਆ ਗਿਆ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਗੈਂਗਸਟਰ ਦੀਪਕ ਬਾਕਸਰ ਨੂੰ ਦੁਪਹਿਰ 2 ਵਜੇ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕਰੇਗਾ ਅਤੇ ਉਸ ਨੂੰ ਰਿਮਾਂਡ ‘ਤੇ ਲਿਆ ਜਾਵੇਗਾ।
ਪੁਲਸ ਨੇ ਕਿਹਾ ਕਿ ਦੀਪਕ ਤੋਂ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਉੱਤਰੀ ਦਿੱਲੀ ਦੇ ਸਿਵਲ ਲਾਈਨ ਖੇਤਰ ਵਿੱਚ ਇੱਕ ਬਿਲਡਰ ਦੀ ਹੱਤਿਆ ਵਿੱਚ ਕਥਿਤ ਸ਼ਮੂਲੀਅਤ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤ ਚੁੱਕਾ ਗੈਂਗਸਟਰ ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੀ ਯੋਜਨਾ ਸੀ ਕਿ ਉਹ ਉੱਥੇ ਬੈਠ ਕੇ ਦਿੱਲੀ ਅਤੇ ਉਸ ਦੇ ਗੁਆਂਢੀ ਸੂਬਿਆਂ ਵਿਚ ਸੰਗਠਿਤ ਅਪਰਾਧ ਦਾ ਆਪਣਾ ਗਿਰੋਹ ਚਲਾ ਸਕੇ।
ਵਿਸ਼ੇਸ਼ ਪੁਲਸ ਕਮਿਸ਼ਨਰ (ਸਪੈਸ਼ਲ ਸੈੱਲ) ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਗੈਂਗਸਟਰ ਨੇ ਅਮਰੀਕਾ ਜਾਣ ਲਈ ਮੈਕਸੀਕੋ ਪਹੁੰਚਣ ਲਈ ਕਈ ਰਸਤੇ ਅਪਣਾਏ ਪਰ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਕਾਨੂੰਨੀ ਅਧਿਕਾਰੀ ਦੇ ਦਫ਼ਤਰ ਦੀ ਮਦਦ ਨਾਲ ਉਹ ਪੁਲਸ ਦੇ ਜਾਲ ਵਿਚ ਫਸ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ, ਜਦੋਂ ਦਿੱਲੀ ਪੁਲਸ ਨੇ ਦੇਸ਼ ਤੋਂ ਬਾਹਰ ਕਿਸੇ ਅਪਰੇਸ਼ਨ ਦੌਰਾਨ ਕਿਸੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੀਪਕ ਦੀ ਗ੍ਰਿਫ਼ਤਾਰੀ ‘ਚ ਮਦਦ ਕਰਨ ਵਾਲੀ ਸੂਚਨਾ ਦੇਣ ‘ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਉਹ ‘ਗੋਗੀ ਗੈਂਗ’ ਚਲਾ ਰਿਹਾ ਸੀ ਜਿਸ ਦੇ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ।
ਦਸਣਯੋਗ ਹੈ ਕਿ ਦੀਪਕ ਬਾਕਸਰ ਸਿਵਲ ਲਾਈਨ ਇਲਾਕੇ ‘ਚ ਇੱਕ ਬਿਲਡਰ ਦੀ ਹੱਤਿਆ ਦੇ ਮਾਮਲੇ ‘ਚ ਫਰਾਰ ਸੀ। ਸਿਵਲ ਲਾਈਨ ‘ਚ ਬਿਲਡਰ ਅਮਿਤ ਗੁਪਤਾ ਦੇ ਕਤਲ ਦੇ ਮਾਮਲੇ ‘ਚ ਪੁਲਿਸ ਦੀਪਕ ਬਾਕਸਰ ਦੀ ਭਾਲ ਕਰ ਰਹੀ ਸੀ। ਰੋਹਿਣੀ ਕੋਰਟ ‘ਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਦਿੱਲੀ-ਐੱਨਸੀਆਰ ਦਾ ਚੋਟੀ ਦਾ ਗੈਂਗਸਟਰ ਦੀਪਕ ਬਾਕਸਰ ਗੋਗੀ ਗੈਂਗ ਦੀ ਕਮਾਂਡ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਕਿਸੇ ਗੈਂਗਸਟਰ ਨੂੰ ਫੜਿਆ ਹੈ। ਦੀਪਕ ਨੇ ਮੁਰਾਦਾਬਾਦ ਤੋਂ ਰਵੀ ਅੰਤਿਲ ਦੇ ਨਾਂ ‘ਤੇ ਬਣਿਆ ਫਰਜ਼ੀ ਪਾਸਪੋਰਟ ਹਾਸਲ ਕੀਤਾ। ਦੀਪਕ ਇਸ ਸਾਲ ਕੋਲਕਾਤਾ ਤੋਂ ਫਲਾਈਟ ਲੈ ਕੇ ਮੈਕਸੀਕੋ ਭੱਜ ਗਿਆ ਸੀ।