ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵੱਲੋਂ ਮੰਤਰੀ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਇਸ ਮੁੱਦੇ ’ਤੇ ਹੁਣ ਵਿਰੋਧੀ ਪਾਰਟੀਆਂ ਦੇ ਬਿਆਨ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਸਰਾਰੀ ਦਾ ਅਸਤੀਫ਼ਾ ਹੀ ਨਹੀਂ, ਸਗੋਂ ਉਨ੍ਹਾਂ ਦੇ ਕਾਰਜਕਾਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮਾਮਲਾ ਲਗਾਤਾਰ ਚੁੱਕਿਆ ਜਾ ਰਿਹਾ ਸੀ ਪਰ ਸਰਾਰੀ ਹਟਾਉਣ ਲਈ 6 ਮਹੀਨੇ ਦਾ ਸਮਾਂ ਲੱਗ ਗਿਆ। ਅਜਿਹੇ ‘ਚ ਸਰਾਰੀ ਦੇ ਅਸਤੀਫ਼ੇ ਨਾਲ ਹੀ ਮਾਮਲਾ ਨਹੀਂ ਰੁਕੇਗਾ, ਸਗੋਂ ਉਨ੍ਹਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਸਰਾਰੀ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਵੇਗੀ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਸਰਾਰੀ ਦੇ ਅਸਤੀਫ਼ਾ ਤਾਂ ਦੇ ਦਿੱਤਾ ਹੈ ਹੁਣ ਉਸਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।
ਉਥੇ ਹੀ ਭਾਜਪਾ ਆਗੂ ਡਾਕਟਰ ਰਾਜਕੁਮਾਰ ਵੇਰਕਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਨੂੰ ਅਸਤੀਫ਼ਾ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੌਜਾ ਸਿੰਘ ਨੂੰ ਪਹਿਲਾਂ ਹੀ ਕੈਬਨਿਟ ‘ਚੋਂ ਕੱਢ ਦੇਣਾ ਚਾਹੀਦਾ ਸੀ, ਕਿਉਂਕਿ ਉਨ੍ਹਾਂ ਦੇ ਕਾਰਨਾਮੇ ਇਕ ਆਡੀਓ ਕਲਿੱਪ ‘ਚ ਸਾਹਮਣੇ ਆਏ ਸਨ। ਇਸ ਦੇ ਨਾਲ ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ ਤਾਂ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਦਿੱਲੀ ਦਾ ਦਖ਼ਲ ਪੰਜਾਬ ‘ਚ ਬੰਦ ਕਰ ਦੇਣਾ ਚਾਹੀਦਾ ਹੈ। ਦਿੱਲੀ ਦੇ ਲੋਕ ਜਿਹੜੇ ਸਰਕਾਰੀ ਦਫ਼ਤਰਾਂ ਤੇ ਮੰਤਰਾਲਿਆਂ ਨੂੰ ਚਲਾ ਰਹੇ ਹਨ, ਉਨ੍ਹਾਂ ਦੀ ਦਖ਼ਲ ਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਵੇਰਕਾ ਨੇ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਭਗਵੰਤ ਮਾਨ ਖੁਦ ਆਪਣੇ ਹੱਥ ‘ਚ ਕਮਾਂਡ ਲੈਣ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਪੰਜਾਬ ‘ਚ ਨੌਜਵਾਨਾਂ ਦੇ ਚੰਗੇ ਭਵਿੱਖ ਨੂੰ ਲੈ ਕੇ ਕੰਮ ਕਰਨ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਨੂੰ ਲੈ ਕੇ ਪ੍ਰਤੀਕਰਮ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਅਸਤੀਫਾ ਕਿਸੇ ਮਸਲੇ ਦਾ ਹੱਲ ਨਹੀਂ, ਉਹਨਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਕਰਕੇ ਇਹ ਇਮਾਨਦਾਰ ਸਰਕਾਰ ਇਹ ਦੱਸੇ ਕੀ ਉਨ੍ਹਾਂ ਤੇ ਵਿਜੀਲੈਂਸ ਕਦੋਂ ਪਰਚਾ ਦਰਜ ਕਰੇਗੀ, ਨਾਲ ਹੀ ਉਨ੍ਹਾਂ ਨੇ ਡਾ. ਬਲਬੀਰ ਸਿੰਘ ਦੀ ਮੰਤਰੀ ਬਣਨ ਦੀ ਚਰਚਾ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਲ ਚੋਣ ਜਿੱਤਣ ਤੋਂ ਬਾਅਦ 3 ਸਾਲ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੇ ਵੀ ਰਹਿਣ ਦਾ ਹੱਕ ਨਹੀਂ, ਨਾਲ ਹੀ ਗਰੇਵਾਲ ਨੇ ਫੌਜਾ ਸਿੰਘ ਸਰਾਰੀ ਤੇ ਵਿਜੈ ਸਿੰਗਲਾ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਫ਼ੌਜਾ ਸਿੰਘ ਸਰਾਰੀ ਵੱਲੋਂ ਅੱਜ ਆਪਣੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੱਜ ਸ਼ਾਮ ਨੂੰ ਨਵੇਂ ਚਿਹਰੇ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਜਾ ਸਕਦੀ ਹੈ।