RDF ਮਸਲੇ ‘ਤੇ ਮੋਦੀ ਸਰਕਾਰ ਖਿਲਾਫ਼ ਲਿਆਂਦੇ ਮਤੇ ਨੂੰ ਲੈਕੇ ਵਿਧਾਨ ਸਭਾ ‘ਚ ਮਾਹੌਲ ਗਰਮਾ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਆੜੇ ਹੱਥੀ ਲਿਆ। ਸੀ.ਐਮ. ਨੇ ਰਾਜਪਾਲ ‘ਤੇ ਤੰਜ ਕਸਦੇ ਹੋਏ ਕਿਹਾ ਕਿ ਕੇਂਦਰ ਨੇ ਮੁੱਖ ਮੰਤਰੀਆਂ ਨੂੰ ਤੰਗ ਕਰਨ ਵਾਸਤੇ ਇਕ-ਇਕ ਬੰਦਾ ਹਰ ਸੂਬੇ ‘ਚ ਬਿਠਾ ਰੱਖਿਆ ਹੈ, ਜਿਸ ਨੂੰ ਰਾਜਪਾਲ ਕਹਿੰਦੇ ਹਨ। ਉਨ੍ਹਾਂ ਨੇ ਰਾਜਪਾਲ ਦੀਆਂ ਚਿੱਠੀਆਂ ਬਾਰੇ ਬੋਲਦਿਆਂ ਕਿਹਾ ਕਿ ਰਾਜਪਾਲ ਨੇ ਮੈਨੂੰ ਬਹੁਤ ਸਾਰੇ ਲਵ ਲੈਟਰ ਲਿਖੇ ਹਨ ਅਤੇ ਉਹ ਵਿਹਲੇ ਬੈਠੇ ਇਹੀ ਕੰਮ ਕਰਦੇ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਫੰਡ ਮੰਗਣ ਦਾ ਫਰਜ਼ ਰਾਜਪਾਲ ਦਾ ਸੀ ਪਰ ਉਹ ਤਾਂ ਹੋਰ ਹੀ ਗੱਲਾਂ ਕਰੀ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸੇ ਹੱਕ ਬਾਰੇ ਗੱਲ ਨਹੀਂ ਕਰਦੇ ਅਤੇ ਜਲਦੀ ਹੀ ਵਿਧਾਨ ਸਭਾ ‘ਚੋਂ ਵਾਕਆਊਟ ਕਰ ਜਾਂਦੇ ਹਨ। ਉਨ੍ਹਾਂ ਨੇ ਸਪੀਕਰ ਨੂੰ ਇਹ ਤੱਕ ਕਹਿ ਦਿੱਤਾ ਕਿ ਉਹ ਕਾਂਗਰਸ ਨੂੰ ਅਗਲੇ ਇਜਲਾਸ ਦੌਰਾਨ ਬੁਲਾਉਣ ਹੀ ਨਾ।
ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਇਕ-ਅੱਧੇ ਹਫ਼ਤੇ ‘ਚ ਇਹ ਫੰਡ ਜਾਰੀ ਕਰ ਦੇਵੇਗਾ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਫਿਰ ਕੇਂਦਰ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ। ਇਸ ਤੋਂ ਬਾਅਦ ਪੇਂਡੂ ਵਿਕਾਸ ਫੰਡ ਰੋਕੇ ਜਾਣ ਸਬੰਧੀ ਮਤਾ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੇਂਦਰ ਦੇ ਮੁਤਾਬਕ ਸਰਕਾਰ ਆਉਣ ‘ਤੇ ਇਸ ਦੇ ਲਈ ਐਕਟ ਬਣਾ ਦਿੱਤਾ ਕਿ ਇਹ ਪੈਸਾ ਪਿੰਡਾਂ ਦੇ ਵਿਕਾਸ ਲਈ ਹੀ ਇਸਤੇਮਾਲ ਹੋਵੇਗਾ।