40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖ਼ਤਮ ਹੋ ਗਈ ਹੈ। ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਮੁੜ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਪਰਤ ਗਏ ਹਨ। ਇਸ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਰਿਹਾ ਅਤੇ ਬੈਰੀਕੇਡ ਲਗਾ ਕੇ ਜੇਲ੍ਹ ਦੇ ਲਗਭਗ ਇਕ ਕਿਲੋਮੀਟਰ ਦੂਰ ਤੱਕ ਕਿਸੇ ਵੀ ਅਣਜਾਣ ਵਿਅਕਤੀ ਨੂੰ ਜੇਲ੍ਹ ਕੰਪਲੈਕਸ ‘ਚ ਆਉਣ ਨਹੀਂ ਦਿੱਤਾ ਜਾ ਰਿਹਾ ਸੀ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਹਰਿਆਣਾ ਪੁਲਿਸ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਵਾਨਾ ਆਸ਼ਰਮ ‘ਚ ਲੈਣ ਲਈ ਪਹੁੰਚੀ ਸੀ। ਸਖ਼ਤ ਸੁਰੱਖਿਆ ਵਿਚਾਲੇ ਰਹੀਮ ਰਹੀਮ ਦੀਆਂ ਗੱਡੀਆਂ ਦਾ ਕਾਫ਼ਲਾ ਸੁਨਾਰੀਆ ਜੇਲ੍ਹ ਪਹੁੰਚਿਆ। ਉੱਥੇ ਹੀ ਦੂਜੇ ਪਾਸੇ ਰਾਮ ਰਹੀਮ ਦੇ ਪੈਰੋਕਾਰ ਵੀ ਉੱਥੇ ਪਹੁੰਚ ਗਏ। ਰਾਮ ਰਹੀਮ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ‘ਤੇ ਲਗਾਏ ਗਏ ਸਾਰੇ ਦੋਸ਼ ਗਲਤ ਹਨ ਅਤੇ ਉਹ ਉਨ੍ਹਾਂ ਲਈ ਭਗਵਾਨ ਹਨ।
ਦਸ ਦਈਏ ਕਿ ਰਾਮ ਰਹੀਮ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ਲੈਕੇ ਜੇਲ੍ਹ ਤੋਂ ਬਾਹਰ ਆਏ ਸੀ। ਇਸ ਦੌਰਾਨ ਉਹਨਾਂ ਵਲੋਂ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਵੀ ਮਨਾਇਆ ਗਿਆ ਸੀ। ਹਾਲਾਂਕਿ, ਸ਼੍ਰੋਮਣੀ ਕਮੇਟੀ ਨੇ ਰਾਮ ਰਹੀਮ ਦੀ ਪੈਰੋਲ ‘ਤੇ ਇਕ ਪਟੀਸ਼ਨ ਵੀ ਹਾਈਕੋਰਟ ਵਿਚ ਦਰਜ ਕਰਵਾਈ ਸੀ ਪਰ ਹਰਿਆਣਾ ਸਰਕਾਰ ਵਲੋਂ ਜਵਾਬ ਮੰਗੇ ਜਾਣ ‘ਤੇ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਰਾਮ ਰਹੀਮ ਦੇ ਚੰਗੇ ਆਚਰਨ ਕਰਕੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ।