ਪੰਜਾਬ ‘ਚ ਰਿਸ਼ਵਤਖੋਰੀ ‘ਤੇ ਨੱਥ ਪਾਉਣ ਲਈ ਪੰਜਾਬ ਦੀ ਮਾਨ ਸਰਕਾਰ ਪਹਿਲਾਂ ਹੀ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ‘ਤੇ ਕਾਰਵਾਈ ਕਰ ਚੁੱਕੀ ਹੈ। ਪਰ ਹੁਣ ਮੁੱਖ ਮੰਤਰੀ ਮਾਨ ਦੇ ਨਿਸ਼ਾਨੇ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਗਏ ਹਨ। ਸੀ.ਐਮ. ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾਕੇ ਸਾਬਕਾ ਸੀ.ਐਮ. ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਹਨਾਂ ਨੇ ਰਿਸ਼ਵਤ ਲੈਣ ਦੇ ਇਕ ਮਾਮਲੇ ‘ਚ ਟਵੀਟ ਕਰਦਿਆਂ ਲਿਖਿਆ, “ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ, ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ।”
ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਦਿੜ੍ਹਬਾ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਣ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਦੋਸ਼ ਲਾਇਆ ਸੀ ਕਿ ਚਰਨਜੀਤ ਚੰਨੀ ਦੇ ਭਾਣਜੇ ਨੇ ਨੌਕਰੀ ਲਈ ਇਕ ਰਾਸ਼ਟਰੀ ਪੱਧਰ ਦੇ ਖਿਡਾਰੀ ਤੋਂ 2 ਕਰੋੜ ਰੁਪਏ ਮੰਗੇ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਏ ਇਸ ਦੋਸ਼ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਜੇਕਰ ਮੈਂ ਇਕ ਰੁਪਿਆ ਵੀ ਆਪਣੇ ਭਾਣਜੇ, ਭਤੀਜੇ ਜਾਂ ਕਿਸੇ ਹੋਰ ਰਿਸ਼ਤੇਦਾਰ ਤੋਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਰਿਸ਼ਵਤ ਵਜੋਂ ਖਾਧਾ ਹੋਵੇਂ ਤਾਂ ਮੈਂ ਵਾਹਿਗੁਰੂ ਦਾ ਦੇਣਦਾਰ ਹਾਂ। ਇਸੇ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਮਾਨ ਵਲੋਂ ਲਗਾਏ ਦੋਸ਼ਾਂ ਪ੍ਰਤੀ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪੇਸ਼ ਹੋਕੇ ਗੁਰੂ ਸਾਹਿਬ ਅੱਗੇ ਆਪਣਾ ਪੱਖ ਰੱਖਿਆ ਸੀ ਅਤੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ।