ਰੇਲਵੇ ਬੋਰਡ ਨੇ ਸਾਰੀਆਂ ਟਰੇਨਾਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਲਾਸ ਦੇ ਕਿਰਾਏ ਵਿੱਚ 25% ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਰਿਆਇਤੀ ਦਰਾਂ ਸਿਰਫ਼ ਉਨ੍ਹਾਂ ਟਰੇਨਾਂ ‘ਤੇ ਲਾਗੂ ਹੋਣਗੀਆਂ ਜਿਨ੍ਹਾਂ ਵਿੱਚ ਪਿਛਲੇ 30 ਦਿਨਾਂ ਦੌਰਾਨ ਸਿਰਫ਼ 50% ਸੀਟਾਂ ਹੀ ਭਰੀਆਂ ਗਈਆਂ ਸਨ। ਇਨ੍ਹਾਂ ਵਿੱਚ ਵੰਦੇ ਭਾਰਤ, ਅਨੁਭੂਤੀ ਅਤੇ ਵਿਸਟਾਡੋਮ ਬੋਗੀਆਂ ਵਾਲੀਆਂ ਟ੍ਰੇਨਾਂ ਸ਼ਾਮਲ ਹਨ। ਟਰੇਨਾਂ ਦਾ ਕਿਰਾਇਆ ਵੀ ਕੌਮਪਿਟਿਟਿਵ ਮੋਡ ਆਫ਼ ਟਰਾਂਸਪੋਰਟ ‘ਤੇ ਨਿਰਭਰ ਕਰੇਗਾ। ਰੇਲਵੇ ਮੰਤਰਾਲੇ ਨੇ ਏਸੀ ਸੀਟਾਂ ਵਾਲੀਆਂ ਟਰੇਨਾਂ ਵਿੱਚ ਰਿਆਇਤੀ ਕਿਰਾਏ ਦੀਆਂ ਸਕੀਮਾਂ ਸ਼ੁਰੂ ਕਰਨ ਲਈ ਸਾਰੇ ਰੇਲਵੇ ਜ਼ੋਨਾਂ ਦੇ ਮੁੱਖ ਕਮਰਸ਼ਿਅਲ ਮੈਨੇਜਰ ਨੂੰ ਪਾਵਰ ਦਿੱਤੀ ਹੈ। ਉਹ ਆਪੋ-ਆਪਣੇ ਜ਼ੋਨਾਂ ਵਿੱਚ ਕਿਰਾਇਆ ਤੈਅ ਕਰ ਸਕਣਗੇ। ਇਸ ਵਿੱਚ ਰਿਜ਼ਰਵੇਸ਼ਨ ਚਾਰਜ, ਸੁਪਰ ਫਾਸਟ ਸਰਚਾਰਜ, ਜੀਐਸਟੀ ਆਦਿ ਹੋਰ ਚਾਰਜ ਵੱਖਰੇ ਤੌਰ ‘ਤੇ ਲਗਾਏ ਜਾਣਗੇ।
ਰੇਲਵੇ ਦੇ ਹੁਕਮਾਂ ਅਨੁਸਾਰ ਰਿਆਇਤੀ ਕਿਰਾਇਆ ਤੁਰੰਤ ਲਾਗੂ ਹੋਵੇਗਾ। ਸੀਟ ਬੁੱਕ ਕਰ ਚੁੱਕੇ ਯਾਤਰੀਆਂ ਨੂੰ ਕਿਰਾਇਆ ਵਾਪਸ ਨਹੀਂ ਕੀਤਾ ਜਾਵੇਗਾ। ਹੁਕਮਾਂ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਕੀਮ ਛੁੱਟੀਆਂ ਜਾਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੱਲਣ ਵਾਲੀਆਂ ਵਿਸ਼ੇਸ਼ ਟਰੇਨਾਂ ‘ਤੇ ਲਾਗੂ ਨਹੀਂ ਹੋਵੇਗੀ। ਰਿਪੋਰਟਾਂ ਮੁਤਾਬਕ ਜੂਨ ਮਹੀਨੇ ‘ਚ ਭੋਪਾਲ-ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ‘ਚ ਸਿਰਫ 29 ਫੀਸਦੀ ਸੀਟਾਂ ਹੀ ਭਰੀਆਂ ਸੀ। ਜਦੋਂ ਕਿ ਇੰਦੌਰ-ਭੋਪਾਲ ਵੰਦੇ ਭਾਰਤ ਐਕਸਪ੍ਰੈਸ ਵਿੱਚ ਸਿਰਫ 21% ਐਕਯੂਪੈਂਸੀ ਰਹੀ। ਭੋਪਾਲ ਤੋਂ ਜਬਲਪੁਰ ਤੱਕ ਏਸੀ ਚੇਅਰ ਕਾਰ ਦਾ ਕਿਰਾਇਆ 1055 ਰੁਪਏ ਹੈ, ਜਦੋਂ ਕਿ ਐਗਜ਼ੀਕਿਊਟਿਵ ਚੇਅਰ ਕਾਰ ਦੀ ਟਿਕਟ 1,880 ਰੁਪਏ ਹੈ।
ਹਾਲਾਂਕਿ, ਵਾਪਸੀ ਦਾ ਕਿਰਾਇਆ ਵੱਖਰਾ ਹੈ। ਇੱਕ ਏਸੀ ਚੇਅਰ ਲਈ ਇਸਦੀ ਕੀਮਤ ₹955 ਅਤੇ ਇੱਕ ਐਗਜ਼ੀਕਿਊਟਿਵ ਚੇਅਰ ਕਾਰ ਲਈ ₹1790 ਹੈ। ਇਸ ਤੋਂ ਇਲਾਵਾ ਇੰਦੌਰ ਤੋਂ ਭੋਪਾਲ ਤੱਕ ਏਸੀ ਚੇਅਰ ਦਾ ਕਿਰਾਇਆ 810 ਰੁਪਏ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਦੀ ਟਿਕਟ 1,510 ਰੁਪਏ ਹੈ। ਨਾਗਪੁਰ-ਬਿਲਾਸਪੁਰ ਵੰਦੇ ਭਾਰਤ ਐਕਸਪ੍ਰੈਸ ਦੀਆਂ ਸਿਰਫ਼ 55% ਸੀਟਾਂ ਹੀ ਭਰੀਆਂ ਜਾ ਰਹੀਆਂ ਹਨ। ਨਾਗਪੁਰ-ਬਿਲਾਸਪੁਰ ਵੰਦੇ ਭਾਰਤ ਐਕਸਪ੍ਰੈਸ ਦਾ ਕਿਰਾਇਆ ਐਗਜ਼ੀਕਿਊਟਿਵ ਕਲਾਸ ਲਈ 2,045 ਰੁਪਏ ਹੈ, ਜਦਕਿ ਚੇਅਰ ਕਾਰ ਦਾ ਕਿਰਾਇਆ 1,075 ਰੁਪਏ ਹੈ। ਦਸ ਦਈਏ ਕਿ ਦੇਸ਼ ਭਰ ਵਿੱਚ ਹੁਣ ਤੱਕ 46 ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ।