ਲੰਘੀ 10 ਜੂਨ ਨੂੰ ਲੁਧਿਆਣਾ ‘ਚ ਹੋਈ ਕੈਸ਼ ਵੈਨ ਡਕੈਤੀ ਮਾਮਲੇ ‘ਚ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 10 ਮੁਲਜ਼ਮਾਂ ‘ਚੋਂ 5 ਮੁੱਖ ਮੁਲਜ਼ਮ ਕਾਬੂ ਕਰ ਲਏ ਹਨ। ਇਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਡੀਜੀਪੀ ਨੇ ਟਵੀਟ ਕਰਦੇ ਹੋਏ ਲਿਖਿਆ, “ਇੱਕ ਵੱਡੀ ਸਫਲਤਾ ਵਿੱਚ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਸ਼ ਵੈਨ ਲੁੱਟ ਦੇ ਮਾਮਲੇ ਨੂੰ ਹੱਲ ਕੀਤਾ ਗਿਆ ਹੈ। ਵਾਰਦਾਤ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਫੜੇ ਗਏ ਅਤੇ ਵੱਡੀ ਬਰਾਮਦਗੀ ਕੀਤੀ ਗਈ। ਅਗਲੇਰੀ ਜਾਂਚ ਜਾਰੀ ਹੈ।”
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਵੀ ਟਵੀਟ ਕਰਦਿਆਂ ਲਿਖਿਆ, “ਲੁਧਿਆਣਾ ਕੈਸ਼ ਵੈਨ ਡਕੈਤੀ ਮਾਮਲੇ ਵਿੱਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ…ਵੇਰਵੇ ਜਲਦੀ…।”
ਦੱਸ ਦੇਈਏ ਕਿ 10 ਜੂਨ ਨੂੰ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਦੋ ਸੁਰੱਖਿਆ ਗਾਰਡਾਂ ਸਮੇਤ ਪੰਜ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕੈਸ਼ ਮੈਨੇਜਮੈਂਟ ਸਰਵਿਸਿਜ਼ ਕੰਪਨੀ ਦੇ ਦਫ਼ਤਰ ਵਿੱਚੋਂ 8.49 ਕਰੋੜ ਰੁਪਏ ਲੁੱਟ ਲਏ ਸਨ। ਲੁਟੇਰੇ ਰਾਤ 1.30 ਵਜੇ ਅੰਦਰ ਦਾਖਲ ਹੋਏ ਅਤੇ ਇਕ ਘੰਟੇ ਵਿਚ ਕੈਸ਼ ਵੈਨ ਹੀ ਲੈ ਕੇ ਫਰਾਰ ਹੋ ਗਏ ਸਨ।