ਲੁਧਿਆਣਾ ‘ਚ ਕਰੋੜਾਂ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸ ਦਈਏ ਕਿ ਬੈਂਕਾਂ ਤੋਂ ਕੈਸ਼ ਇਕੱਠਾ ਕਰਨ ਵਾਲੀ ਸਕਿਓਰਿਟੀ ਏਜੰਸੀ ‘ਚ ਤਕਰੀਬਨ 9-10 ਹਥਿਆਰਬੰਦ ਲੁਟੇਰਿਆਂ ਵਲੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੁਟੇਰੇ ਕਰੋੜਾਂ ਦੇ ਕੈਸ਼ ਨਾਲ ਭਰੀ ਗੱਡੀ ਹੀ ਲੈ ਕੇ ਫ਼ਰਾਰ ਹੋ ਗਏ ਅਤੇ ਉਹ ਆਪਣੇ ਨਾਲ CCTV ਦੀ DVR ਵੀ ਨਾਲ ਲੈ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਸੈਂਸਰਾਂ ਦੀ ਤਾਰ ਵੱਢ ਕੇ ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਸ ਮਾਮਲੇ ‘ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀ ਕੈਸ਼ ਵੈਨ ਲੁਟੇਰੇ ਲੈਕੇ ਫਰਾਰ ਹੋਏ ਸੀ ਉਹ ਵੈਨ ਲੁਧਿਆਣਾ ਤੋਂ 20 ਕਿਲੋਮੀਟਰ ਦੂਰ ਮੁਲਾਂਪੁਰ ਤੋਂ ਬਰਾਮਦ ਕਰ ਲਈ ਗਈ ਹੈ ਜਿਸ ਵਿਚ ਤੇਜ਼ਧਾਰ ਹਥਿਆਰ ਅਤੇ 2 ਪਿਸਟਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਟੀਮ ਇਸ ਮਾਮਲੇ ਨੂੰ ਸੁਲਝਾਉਣ ‘ਚ ਕਾਫੀ ਕਰੀਬ ਅਤੇ ਜਲਦੀ ਹੀ ਲੁਟੇਰਿਆਂ ਨੂੰ ਫੜ੍ਹ ਲਿਆ ਜਾਵੇਗਾ।
ਇਹ ਵੀ ਦਸ ਦਈਏ ਕਿ ਇਸ ਘਟਨਾ ਤੋਂ ਬਾਅਦ ਲੁਧਿਆਣਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਹਰ ਥਾਂ ‘ਤੇ ਨਾਕੇ ਲਾ ਦਿੱਤੇ ਗਏ ਹਨ। ਹਰ ਇਕ ਐਂਟਰੀ ਪੁਆਇੰਟ ਨੂੰ ਸੀਲ ਕੀਤਾ ਗਿਆ ਹੈ ਅਤੇ ਗੱਡੀਆਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।