ਲੁਧਿਆਣਾ ‘ਚ ਇੱਕੋ ਪਰਿਵਾਰ ਦੇ 3 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਖ਼ਬਰ ਮਿਲੀ ਹੈ। ਇਹ ਸਨਸਨੀਖੇਜ਼ ਘਟਨਾ ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਨਿਊ ਜਨਕਪੁਰੀ ਵਿੱਚ ਵਾਪਰੀ। ਘਟਨਾ ਦਾ ਪਤਾ ਸਵੇਰੇ 10 ਵਜੇ ਉਸ ਸਮੇਂ ਲੱਗਾ ਜਦੋਂ ਦੁੱਧ ਵਾਲਾ ਉਨ੍ਹਾਂ ਦੇ ਘਰ ਆਇਆ। ਦੁੱਧ ਲੈਣ ਲਈ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸ਼ੱਕ ਪੈਣ ‘ਤੇ ਉਸ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਤਿੰਨ ਲਾਸ਼ਾਂ ਪਈਆਂ ਸਨ। ਜਿਸ ‘ਚ 2 ਬੈੱਡ ‘ਤੇ ਅਤੇ ਇਕ ਇਕ ਹੀ ਕਮਰੇ ‘ਚ ਹੇਠਾਂ ਫਰਸ਼ ‘ਤੇ ਪਈ ਸੀ।
ਮ੍ਰਿਤਕਾਂ ਦੀ ਪਛਾਣ ਚਮਨ ਲਾਲ, ਉਸਦੀ ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 70 ਤੋਂ 90 ਸਾਲ ਦਰਮਿਆਨ ਹੈ। ਇਹਨਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਕੱਲ੍ਹ ਪੂਰਾ ਦਿਨ ਪਰਿਵਾਰ ਦੇ ਤਿੰਨੇ ਮੈਂਬਰ ਘਰੋਂ ਬਾਹਰ ਨਹੀਂ ਆਏ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਕਤਲ 5 ਜੁਲਾਈ ਦੀ ਸ਼ਾਮ ਨੂੰ ਹੋਇਆ ਹੈ। ਸ਼ੱਕ ਹੈ ਕਿ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਦੀਆਂ ਲਾਸ਼ਾਂ ‘ਤੇ ਚਾਕੂ ਦੇ ਨਿਸ਼ਾਨ ਵੀ ਮਿਲੇ ਹਨ।
ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰਲੇ ਸਾਰੇ ਤਾਲੇ ਬੰਦ ਸਨ। ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈ, ਇਸ ਲਈ ਇਹ ਸਮਝ ਨਹੀਂ ਆ ਰਿਹਾ ਕਿ ਕਾਤਲ ਅੰਦਰ ਕਿਵੇਂ ਗਿਆ? ਇਸ ਤੋਂ ਇਲਾਵਾ ਘਰ ਦੇ ਅੰਦਰ ਪਿਆ ਗੈਸ ਸਿਲੰਡਰ ਵੀ ਖੁੱਲ੍ਹਾ ਪਿਆ ਸੀ।
ਥਾਣਾ ਸਲੇਮਟਾਬਰੀ ਦੇ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਕਤਲ ਦਾ ਕਾਰਨ ਕੀ ਹੈ, ਇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜੋਆਂਇੰਟ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਇਸ ਤੀਹਰੇ ਕਤਲ ਦੀ ਸੂਚਨਾ ਅੱਜ ਸਵੇਰੇ ਹੀ ਮਿਲੀ। ਪੁਲਿਸ ਅਧਿਕਾਰੀਆਂ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ। ਵਾਰਦਾਤ ਵਾਲੀ ਥਾਂ ‘ਤੇ ਐਲਪੀਜੀ ਗੈਸ ਦੀ ਬਦਬੂ ਵੀ ਆ ਰਹੀ ਸੀ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਇਹ ਕਤਲ ਕਿੰਨੇ ਦਿਨ ਪਹਿਲਾਂ ਹੋਇਆ ਸੀ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।