ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਫਿਰ ਗੈਸ ਲੀਕ ਹੋਣ ਦੀ ਖ਼ਬਰ ਨਾਲ ਦਹਿਸ਼ਤ ਫੈਲ ਗਈ। ਗੈਸ ਲੀਕ ਹੋਣ ਦੀ ਸੂਚਨਾ ਨੇ ਇੱਕ ਵਾਰ ਫਿਰ ਗਿਆਸਪੁਰਾ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਅੱਜ ਸਵੇਰੇ ਸੂਆ ਰੋਡ ’ਤੇ ਜਿਸ ਥਾਂ ’ਤੇ 30 ਅਪਰੈਲ ਨੂੰ ਗੈਸ ਲੀਕ ਹੋਈ ਸੀ, ਉਸੇ ਥਾਂ ’ਤੇ ਇੱਕ ਮਹਿਲਾ ਰਾਹਗੀਰ ਬੇਹੋਸ਼ ਹੋਕੇ ਡਿੱਗ ਪਈ। ਔਰਤ ਦੇ ਡਿੱਗਣ ਤੋਂ ਬਾਅਦ ਲੋਕਾਂ ‘ਚ ਗੈਸ ਲੀਕ ਹੋਣ ਦਾ ਡਰ ਫੈਲ ਗਿਆ। ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਅਤੇ ਇਲਾਕੇ ਦਾ ਜਾਇਜ਼ਾ ਲਿਆ ਗਿਆ ਪਰ ਐਸਡੀਐੱਮੀ ਨੇ ਕਿਸੇ ਵੀ ਤਰ੍ਹਾਂ ਦੀ ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਾ ਹੀ ਕਮਜ਼ੋਰ ਸੀ, ਕਿਉਂਕਿ ਉਹ ਚਾਰ ਮਹੀਨਿਆਂ ਦੀ ਗਰਭਵਤੀ ਸੀ ਅਤੇ ਕਈ ਵਾਰ ਵੈਸੇ ਵੀ ਗਰਭਵਤੀ ਮਹਿਲਾਵਾਂ ਨੂੰ ਚੱਕਰ ਆ ਜਾਂਦੇ ਨੇ ਜਾਂ ਉਹ ਉਲਟੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਨਾ ਘਬਰਾਉਣ, ਅਸੀਂ ਮੌਕੇ ‘ਤੇ ਮੌਜੂਦ ਹਾਂ।
ਗੈਸ ਲੀਡ ਹੋਣ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਨੇ ਤੁਰੰਤ ਪੁਲਿਸ ਅਤੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨਾਲ ਸੰਪਰਕ ਕੀਤਾ। ਵਿਧਾਇਕ ਛੀਨਾ ਅਨੁਸਾਰ ਗੈਸ ਲੀਕ ਹੋਣ ਵਰਗੀ ਕੋਈ ਗੱਲ ਨਹੀਂ ਹੈ ਪਰ ਉਨ੍ਹਾਂ ਨੇ ਅਹਿਤਿਆਤ ਵਜੋਂ ਇਲਾਕਾ ਪੁਲਿਸ ਅਤੇ ਸਿਵਲ ਹਸਪਤਾਲ ਨੂੰ ਜ਼ਰੂਰ ਸੂਚਿਤ ਕੀਤਾ ਸੀ। ਫਿਲਹਾਲ ਜ਼ਿਲਾ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਲਾਕਾ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਲਹਾਲ ਨਗਰ ਨਿਗਮ ਦੀਆਂ ਟੀਮਾਂ ਵੀ ਮੌਕੇ ‘ਤੇ ਗਟਰ ਆਦਿ ਖੋਲ੍ਹ ਕੇ ਸੀਵਰੇਜ ਲਾਈਨ ਦੀ ਜਾਂਚ ਕਰ ਰਹੀਆਂ ਹਨ।