ਅੱਜ ਸਵੇਰੇ ਲੁਧਿਆਣਾ ਦੇ ਨਿਊ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ਦੀ ਖ਼ਬਰ ਫਰਜ਼ੀ ਨਿਕਲੀ ਹੈ। ਦਸ ਦਈਏ ਕਿ ਜਦੋਂ ਧਮਾਕੇ ਦੀ ਸੂਚਨਾ ਪੁਲਿਸ ਨੂੰ ਪ੍ਰਾਪਤ ਹੋਈ ਸੀ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਜਾਂਚ-ਪੜਤਾਲ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਅਸਲ ਸੱਚਾਈ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਕੋਰਟ ਕੰਪਲੈਕਸ ਨੇੜੇ ਕੋਈ ਧਮਾਕਾ ਨਹੀਂ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਕਿਸੇ ਤਰ੍ਹਾਂ ਦੀ ਅਫ਼ਵਾਹ ‘ਤੇ ਯਕੀਨ ਨਾ ਕਰਨ। ਉਨ੍ਹਾਂ ਨੇ ਦੱਸਿਆ ਕਿ ਨਵੀਂ ਕਚਿਹਰੀ ‘ਚ ਬਣੇ ਮਾਲਖ਼ਾਨੇ ‘ਚ ਵੱਖ-ਵੱਖ ਕੇਸਾਂ ‘ਚ ਦੋਸ਼ੀਆਂ ਤੋਂ ਬਰਾਮਦ ਸਮਾਨ ਪਿਆ ਹੋਇਆ ਹੈ। ਇੱਥੋਂ ਵੇਸਟ ਕੱਢ ਕੇ ਰੋਜ਼ਾਨਾ ਦੀ ਤਰ੍ਹਾਂ ਸਫ਼ਾਈ ਮੁਲਾਜ਼ਮਾਂ ਨੇ ਸਫ਼ਾਈ ਕੀਤੀ ਅਤੇ ਕੂੜੇ ਨੂੰ ਇਕ ਥਾਂ ਇਕੱਠਾ ਕਰਕੇ ਅੱਗ ਲਾ ਦਿੱਤੀ।
ਇਸ ਕੂੜੇ ‘ਚ ਇਕ ਕੱਚ ਦੀ ਬੋਤਲ ਸੀ, ਜਿਸ ‘ਚ ਕੁੱਝ ਤਰਲ ਪਦਾਰਥ ਭਰਿਆ ਹੋਇਆ ਸੀ। ਅੱਗ ਲੱਗਣ ਦੇ ਕਾਰਨ ਬੋਤਲ ‘ਚ ਗੈਸ ਭਰ ਗਈ ਅਤੇ ਇਹ ਫੱਟ ਗਈ। ਬੋਤਲ ਫੱਟਣ ਨਾਲ ਟੁੱਟੇ ਕੱਚ ਕਾਰਨ ਇਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਦਾ ਧਮਾਕਾ ਨਹੀਂ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਲੁਧਿਆਣਾ ਦੇ ਨਿਊ ਕੋਰਟ ਕੰਪਲੈਕਸ ਨੇੜੇ ਧਮਾਕਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ‘ਚ ਹਫੜਾ-ਦਫੜੀ ਅਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਸੀ।