ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਦਨ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਵਾਰਾ ਵਿਖੇ ਬਣਾਏ ਜਾ ਰਹੇ ਹਵਾਈ ਅੱਡੇ ਦੇ ਨਾਂ ਸ੍ਰੀ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਲਈ ਅੰਤਰਰਾਸ਼ਟਰੀ ਹਵਾਬਾਜ਼ੀ ਮੰਤਰਾਲੇ ਨੂੰ ਪ੍ਰਸਤਾਅ ਭੇਜ ਕੇ ਸਿਫਾਰਸ਼ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਇਸ ਕਦਮ ਦੀ ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਸ਼ਲਾਘਾ ਵੀ ਕੀਤੀ ਹੈ।
ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਿਚ ਕਤਰਾਉਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਇਸ ਹਵਾਈ ਅੱਡੇ ਲਈ ਬਜਟ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੈਂ ਦੋ ਵਾਰ ਉਥੇ ਜਾ ਵੀ ਚੁੱਕਿਆ ਹਾਂ। ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਮਕਸਦ ਹੋਵੇਗਾ ਕਿ ਇਹ ਹਵਾਈ ਅੱਡਾ ਮਈ ਦੇ ਆਖੀਰ ਤੱਕ ਜਾਂ ਜੂਨ ਦੇ ਦੂਜੇ ਹਫ਼ਤੇ ਤੱਕ ਪਹਿਲੀ ਘਰੇਲੂ ਉਡਾਣ ਸ਼ੁਰੂ ਹੋ ਜਾਵੇ। ਇਸ ਨਾਲ ਲੁਧਿਆਣਾ ਦੇ ਵਪਾਰੀਆਂ ਨੂੰ ਇਕ ਵੱਡੀ ਰਾਹਤ ਮਿਲੇਗੀ।