ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਲੈਂਟਰ ਡਿੱਗਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਵਿੰਦਰਪਾਲ ਕੌਰ ਵਜੋਂ ਹੋਈ ਹੈ। ਜਦਕਿ 3 ਅਧਿਆਪਕਾਂ ਨੂੰ ਬਚਾਇਆ ਗਿਆ ਹੈ। ਪ੍ਰਸ਼ਾਸਨਿਕ ਟੀਮ ਅਜੇ ਵੀ ਸਕੂਲ ਵਿੱਚ ਬਚਾਅ ਕਾਰਜ ਚਲਾ ਰਹੀ ਹੈ। ਕੁਝ ਹੋਰ ਲੋਕਾਂ ਦੇ ਵੀ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰਕੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਚਾਰੇ ਅਧਿਆਪਕ ਉਸ ਕਮਰੇ ਵਿੱਚ ਬੈਠੇ ਸਨ ਜਿੱਥੇ ਲੈਂਟਰ ਡਿੱਗਿਆ ਸੀ। ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ। ਜ਼ਖ਼ਮੀ ਅਧਿਆਪਕਾਂ ਦੀ ਪਛਾਣ ਨਰਿੰਦਰ ਜੀਤ ਕੌਰ, ਇੰਦੂ ਰਾਣੀ ਅਤੇ ਸੁਰਜੀਤ ਕੌਰ ਵਜੋਂ ਹੋਈ ਹੈ।
ਹਾਦਸੇ ਤੋਂ ਤੁਰੰਤ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ। ਟੀਮ ਦੇ ਕੁੱਲ 18 ਲੋਕਾਂ ਦੇ ਸਮੂਹ ਨੇ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਡੀਸੀ ਸੁਰਭੀ ਮਲਿਕ ਨੇ ਕਿਹਾ- ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ ਅਤੇ ਸਕੂਲ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਐਨਡੀਆਰਐਫ ਟੀਮ ਬਚਾਅ ਕਾਰਜ ਚਲਾ ਰਹੀ ਹੈ। ਦੱਸ ਦੇਈਏ ਕਿ ਇਸ ਸਕੂਲ ਦੀ ਇਮਾਰਤ ਪਹਿਲਾਂ ਵੀ ਖਸਤਾ ਹਾਲਤ ਵਿੱਚ ਸੀ। ਅੱਜ ਦੂਜੀ ਮੰਜ਼ਿਲ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅਚਾਨਕ ਦੂਜੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ। ਜਿਸ ਦੇ ਦਬਾਅ ਹੇਠ ਪਹਿਲੀ ਮੰਜ਼ਿਲ ਵੀ ਡਿੱਗ ਗਈ।