ਲੋਕ ਸਭਾ ਹਲਕਾ ਜਲੰਧਰ ‘ਚ ਪੈਣ ਵਾਲੀਆਂ ਵੋਟਾਂ ਦਾ ਸਿਲਸਿਲਾ ਅੱਜ ਸਵੇਰ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਨੇ ਆਪਣੀ ਕੀਮਤੀ ਵੋਟ ਪਾਉਣ ਤੋਂ ਬਾਅਦ ਕਾਂਗਰਸ ਦੇ ਜਿੱਤਣ ਦਾ ਦਾਅਵਾ ਕੀਤਾ। ਉਥੇ ਹੀ ਦੂਜੇ ਪਾਸੇ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਈ।
ਇਸ ਤੋਂ ਇਲਾਵਾ ਜਲੰਧਰ ਜ਼ਿਮਣੀ ਚੋਣ ਨੂੰ ਲੈਕੇ ਸੀ.ਐਮ. ਪੰਜਾਬ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਜਿੰਨਾ ਨੇ ਜਲੰਧਰ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ ਅਤੇ ਲੋਕਾਂ ਦੇ ਦੁੱਖਾਂ-ਸੁੱਖਾਂ ਨੂੰ ਸਮਝਣ ਵਾਲਿਆਂ ਨੂੰ ਅੱਗੇ ਲੈ ਕੇ ਆਓ। ਸੀ.ਐਮ. ਮਾਨ ਨੇ ਟਵੀਟ ਕੀਤਾ, “ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ। ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ , ਸਿਹਤ,ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ, ਲੋਕਤੰਤਰ ਨੂੰ ਮਜ਼ਬੂਤ ਕਰੋ।”
ਉਥੇ ਹੀ ਦੂਜੇ ਪਾਸੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਆਪਣੇ ਜਮਹੂਰੀ ਹੱਕ ਦੀ ਵੱਧ ਤੋਂ ਵੱਧ ਵਰਤੋਂ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ “ਪੰਜਾਬ ਵਿਚ ਇੱਕ ਸੰਸਦੀ ਸੀਟ ਅਤੇ ਮੇਘਾਲਿਆ, ਓਡੀਸ਼ਾ ਅਤੇ ਯੂਪੀ ਵਿੱਚ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ਦੇ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।”