ਮਨੀਪੁਰ ਹਿੰਸਾ ਅਤੇ ਦਿੱਲੀ ਸੇਵਾ ਬਿੱਲ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਸੈਸ਼ਨ ਦੇ 10ਵੇਂ ਦਿਨ ਬੁੱਧਵਾਰ (2 ਅਗਸਤ) ਨੂੰ ਦਿੱਲੀ ਸਰਵਿਸਿਜ਼ ਬਿੱਲ ਨੂੰ ਲੈ ਕੇ ਲੋਕ ਸਭਾ ‘ਚ ਕਾਫੀ ਹੰਗਾਮਾ ਹੋਇਆ। ਸਦਨ ਦੇ ਅੰਦਰ ਹੰਗਾਮੇ ਕਾਰਨ ਲੋਕ ਸਭਾ ਸਪੀਕਰ ਓਮ ਬਿਰਲਾ ਕਾਫੀ ਨਾਰਾਜ਼ ਹਨ। ਅੱਜ ਉਨ੍ਹਾਂ ਸਦਨ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਓਮ ਬਿਰਲਾ ਨੇ ਕਿਹਾ ਕਿ ਉਹ ਉਦੋਂ ਤੱਕ ਸਪੀਕਰ ਦੀ ਕੁਰਸੀ ‘ਤੇ ਨਹੀਂ ਬੈਠਣਗੇ ਜਦੋਂ ਤੱਕ ਸੰਸਦ ‘ਚ ਰੁਕਾਵਟ ਖਤਮ ਨਹੀਂ ਹੋ ਜਾਂਦੀ ਅਤੇ ਵਿਰੋਧੀ ਧਿਰ ਹੰਗਾਮਾ ਕਰਨਾ ਬੰਦ ਨਹੀਂ ਕਰ ਦਿੰਦੀ। ਅਜਿਹੇ ‘ਚ ਆਂਧਰਾ ਪ੍ਰਦੇਸ਼ ਦੇ ਰਾਜਮਪੇਟ ਤੋਂ ਸੰਸਦ ਮੈਂਬਰ ਪੀਵੀ ਮਿਧੁਨ ਰੈੱਡੀ ਨੇ ਓਮ ਬਿਰਲਾ ਦੀ ਜਗ੍ਹਾ ਲੋਕ ਸਭਾ ਦੀ ਕਾਰਵਾਈ ਸੰਭਾਲੀ।
ਦਰਅਸਲ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਦਿੱਲੀ ਸੇਵਾ ਬਿੱਲ ਪੇਸ਼ ਕੀਤਾ ਸੀ। ਇਸ ‘ਤੇ ਵਿਰੋਧੀ ਧਿਰ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਹੰਗਾਮੇ ਕਾਰਨ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਨਹੀਂ ਹੋ ਸਕੀ ਅਤੇ ਕਾਰਵਾਈ ਮੁਲਤਵੀ ਕਰਨੀ ਪਈ। ਕਿਹਾ ਜਾ ਰਿਹਾ ਹੈ ਕਿ ਓਮ ਬਿਰਲਾ ਵਿਰੋਧੀ ਮੈਂਬਰਾਂ ਦੇ ਵਿਵਹਾਰ ਤੋਂ ਨਾਰਾਜ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲਦੀ, ਉਦੋਂ ਤੱਕ ਉਹ ਸੰਸਦ ਵਿੱਚ ਮੌਜੂਦ ਤਾਂ ਰਹਿਣਗੇ, ਪਰ ਸਦਨ ਵਿੱਚ ਨਹੀਂ ਆਉਣਗੇ।
ਦਸ ਦਈਏ ਕਿ ਦਿੱਲੀ ਸੇਵਾਵਾਂ ਬਿੱਲ ‘ਤੇ ਅੱਜ ਲੋਕ ਸਭਾ ‘ਚ ਚਰਚਾ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 3 ਅਗਸਤ ਨੂੰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਭਾਜਪਾ ਨੇ ਬੁੱਧਵਾਰ ਨੂੰ ਇੱਕ ਵ੍ਹਿਪ ਜਾਰੀ ਕਰਕੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਲਈ ਕਿਹਾ ਸੀ ਤਾਂ ਜੋ ਬਿੱਲ ਨੂੰ ਪਾਸ ਕੀਤਾ ਜਾ ਸਕੇ। ਦੂਜੇ ਪਾਸੇ ਰਾਜ ਸਭਾ ‘ਚ ਵਿਰੋਧੀ ਪਾਰਟੀਆਂ ਨੇ ਮਨੀਪੁਰ ਹਿੰਸਾ ‘ਤੇ ਚਰਚਾ ਦੀ ਮੰਗ ਕਰਦੇ ਹੋਏ 60 ਨੋਟਿਸ ਦਿੱਤੇ, ਜਿਨ੍ਹਾਂ ਨੂੰ ਚੇਅਰਮੈਨ ਜਗਦੀਪ ਧਨਖੜ ਨੇ ਰੱਦ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਵਿਰੋਧੀ ਧਿਰ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ।