ਵੀਰਵਾਰ ਦਾ ਲੋਕ ਸਭਾ ਦਾ ਦਿਨ ਆਮ ਆਦਮੀ ਪਾਰਟੀ ਲਈ ਭੈੜਾ ਸੁਪਨਾ ਸਾਬਤ ਹੋਇਆ। ਇਕ ਪਾਸੇ ਵਿਵਾਦਤ ਦਿੱਲੀ ਸੇਵਾ ਬਿੱਲ ਪਾਸ ਹੋ ਗਿਆ ਅਤੇ ਦੂਜੇ ਪਾਸੇ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਮਾਨਸੂਨ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਕ ਸਭਾ ‘ਚ ਦਿੱਲੀ ਸਰਵਿਸਿਜ਼ ਬਿੱਲ ‘ਤੇ ਵੋਟਿੰਗ ਚੱਲ ਰਹੀ ਸੀ ਤਾਂ ਵਿਰੋਧ ਕਰਦੇ ਹੋਏ ‘ਆਪ’ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਹਾਊਸ ਵੇਲ ਕੋਲ ਆ ਗਏ ਅਤੇ ਉਨ੍ਹਾਂ ਦੀ ਤਰਫੋਂ ਸੱਤਾਧਾਰੀ ਪਾਰਟੀ ਦੇ ਸਾਂਸਦਾਂ ‘ਤੇ ਕਾਗਜ ਫਾੜ ਕੇ ਸੁੱਟੇ ਗਏ । ਇਸ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਇਸ ਨੂੰ ਸਵੀਕਾਰ ਵੀ ਕਰ ਲਿਆ ਗਿਆ। ਇਸ ਤੋਂ ਪਹਿਲਾਂ ਜਦੋਂ ਸੰਜੇ ਸਿੰਘ ਮਨੀਪੁਰ ਹਿੰਸਾ ਨੂੰ ਲੈ ਕੇ ਰਾਜ ਸਭਾ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਸੀ।
ਲੋਕ ਸਭਾ ਦੇ ਮਾਨਸੂਨ ਸੈਸ਼ਨ ਤੋਂ ਸਸਪੈਂਡ ਕੀਤੇ ਜਾਣ ਮਗਰੋਂ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਇਹ ਕਾਰਵਾਈ ਲੋਕਾਂ ਦੀ ਆਵਾਜ਼ ਬੁਲੰਦ ਕਰਦਿਆਂ ਹੋਈ ਹੈ, ਇਸ ਲਈ ਉਨ੍ਹਾਂ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਹਨਾਂ ਕਿਹਾ ਕਿ ਸੰਵਿਧਾਨ ਟੁੱਟ ਰਿਹਾ ਹੈ, ਦੇਸ਼ ਦਾ ਸੰਘੀ ਢਾਂਚਾ ਖਤਰੇ ‘ਚ ਹੈ, ਕੇਂਦਰ ਸਰਕਾਰ ਨੇ ਇਸ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਸਰਕਾਰ ਦੀ ਤਾਕਤਾਂ ਘੱਟ ਕਰ ਕੇ ਬਿਨਾ ਚੁਣੇ ਲੋਕਾਂ (ਬਿਊਰੋਕ੍ਰੈਟਸ) ਦੇ ਹੱਥ ਵਿਚ ਸ਼ਾਸਨ ਦੇਣਾ ਸੰਘੀ ਢਾਂਚੇ ਤੇ ਸੰਵਿਧਾਨ ਦਾ ਅਪਮਾਨ ਹੈ। ਰਿੰਕੂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਦਿਆਂ, ਲੋਕਤੰਤਰ ਦੀ ਰੱਖਿਆ ਕਰਦਿਆਂ ਹੋਇਆ ਹੈ, ਇਸ ਲਈ ਮੈਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪੁਲਸ, ਵਿਜੀਲੈਂਸ ਤੇ ਹੋਰ ਏਜੰਸੀਆਂ ਇਨ੍ਹਾਂ ਦੇ ਹੱਥ ਵਿਚ ਹੈ, ਇਹ ਕੁਝ ਵੀ ਕਰ ਸਕਦੇ ਹਨ। ਪਰ ਇਹ ਫ਼ੈਸਲਾ ਅਦਾਲਤ ਕਰੇਗੀ ਕਿ ਕੋਣ ਭ੍ਰਿਸ਼ਟ ਹੈ ਤੇ ਕੋਣ ਨਹੀਂ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ਼ ਇੱਕ ਹੀ ਸੰਸਦ ਮੈਂਬਰ ਸੀ, ਅਜਿਹੇ ਵਿੱਚ ਹੁਣ ਉਨ੍ਹਾਂ ਦੀ ਮੁਅੱਤਲੀ ਨਾਲ ਪਾਰਟੀ ਦਾ ਖਾਤਾ ਥੋੜ੍ਹੇ ਸਮੇਂ ਲਈ ਜ਼ੀਰੋ ਤੱਕ ਪਹੁੰਚ ਗਿਆ ਹੈ।